ਪਾਕਿਸਤਾਨ : ਆਤਮਘਾਤੀ ਹਮਲੇ ‘ਚ 3 ਲੋਕਾਂ ਦੀ ਮੌਤ, 23 ਜ਼ਖਮੀ

ਕਰਾਚੀ – ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਪੋਲੀਓ ਟੀਮ ਦੀ ਸੁਰੱਖਿਆ ਲਈ ਜਾ ਰਹੇ ਪੁਲਸ ਮੁਲਾਜ਼ਮਾਂ ਦੇ ਟਰੱਕ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲਾ ਕੀਤਾ ਗਿਆ। ਬੁੱਧਵਾਰ ਨੂੰ ਹੋਏ ਆਤਮਘਾਤੀ ਹਮਲੇ ਵਿਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚ 20 ਸੁਰੱਖਿਆ ਮੁਲਾਜ਼ਮ ਵੀ ਸ਼ਾਮਲ ਹਨ। ਅਧਿਕਾਰੀ ਮੁਤਾਬਕ ਇਹ ਆਤਮਘਾਤੀ ਹਮਲਾ ਉਸ ਸਮੇਂ ਹੋਇਆ ਜਦੋਂ ਪੋਲੀਓ ਟੀਕਾਕਰਨ ਮੁਹਿੰਮ ‘ਚ ਸ਼ਾਮਲ ਕਰਮਚਾਰੀਆਂ ਦੀ ਸੁਰੱਖਿਆ ਲਈ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਲਿਜਾ ਰਿਹਾ ਇਕ ਟਰੱਕ ਕਵੇਟਾ ਦੇ ਬਲੇਲੀ ਇਲਾਕੇ ‘ਚੋਂ ਲੰਘ ਰਿਹਾ ਸੀ। ‘

ਡਾਨ’ ਅਖ਼ਬਾਰ ਨੇ ਕਵੇਟਾ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਸ ਗੁਲਾਮ ਅਜ਼ਫਰ ਮਹੇਸਰ ਦੇ ਹਵਾਲੇ ਨਾਲ ਕਿਹਾ ਕਿ ਹਮਲਾ ਇੱਕ ਪੁਲਸ ਟਰੱਕ ਦੇ ਨੇੜੇ ਹੋਇਆ, ਜਿਸ ਨੇ ਪੋਲੀਓ ਡਿਊਟੀ ‘ਤੇ ਪੁਲਸ ਕਰਮਚਾਰੀਆਂ ਨੂੰ ਲੈ ਕੇ ਜਾ ਰਹੇ ਵਾਹਨ ਨੂੰ ਉਲਟਾ ਦਿੱਤਾ ਅਤੇ ਇੱਕ ਖੱਡ ਵਿੱਚ ਡਿੱਗ ਗਿਆ।” ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹੇਸਰ ਨੇ ਕਿਹਾ ਕਿ ਘਟਨਾ ਵਾਲੀ ਥਾਂ ਤੋਂ ਅਤੇ ਟਰੱਕ ਦੇ ਪਲਟਣ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਮਲੇ ‘ਚ 25 ਕਿਲੋਗ੍ਰਾਮ ਵਿਸਫੋਟਕ ਸਮੱਗਰੀ ਦੀ ਵਰਤੋਂ ਕੀਤੀ ਗਈ ਹੋਵੇਗੀ। ਧਮਾਕੇ ਦੀ ਲਪੇਟ ‘ਚ ਕੁੱਲ ਤਿੰਨ ਵਾਹਨ ਆ ਗਏ। ਉਨ੍ਹਾਂ ਕਿਹਾ ਕਿ ਇਹ ਹਮਲਾ ਆਤਮਘਾਤੀ ਸੀ ਕਿਉਂਕਿ ਘਟਨਾ ਸਥਾਨ ਤੋਂ ਆਤਮਘਾਤੀ ਹਮਲਾਵਰ ਦੇ ਅਵਸ਼ੇਸ਼ ਬਰਾਮਦ ਹੋਏ ਹਨ ਅਤੇ ਘੱਟੋ-ਘੱਟ ਤਿੰਨ ਵਾਹਨ ਇਸ ਦੀ ਚਪੇਟ ਵਿਚ ਆ ਗਏ। 

ਮਹੇਸਰ ਮੁਤਾਬਕ ਹਮਲੇ ‘ਚ ਕਰੀਬ 20 ਪੁਲਸ ਮੁਲਾਜ਼ਮ ਅਤੇ ਤਿੰਨ ਨਾਗਰਿਕ ਜ਼ਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਪੁਲਸ ਮੁਲਾਜ਼ਮਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ‘ਜੀਓ ਨਿਊਜ਼’ ਮੁਤਾਬਕ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਨਿਸ਼ਾਨੇ ਵਾਲੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਘਟਨਾ ਦੀ ਤੇਜ਼ੀ ਨਾਲ ਜਾਂਚ ਦੇ ਹੁਕਮ ਦਿੱਤੇ ਹਨ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਟੀਟੀਪੀ ਨੇ ਦੋ ਦਿਨ ਪਹਿਲਾਂ ਸਰਕਾਰ ਨਾਲ ਜੰਗਬੰਦੀ ਨੂੰ ਵਾਪਸ ਲੈਂਦਿਆਂ ਆਪਣੇ ਲੜਾਕਿਆਂ ਦੁਆਰਾ ਦੇਸ਼ ਭਰ ਵਿੱਚ ਹਮਲਿਆਂ ਦਾ ਸੱਦਾ ਦਿੱਤਾ ਸੀ। ਟੀਟੀਪੀ ਨੇ ਕਿਹਾ ਕਿ ਇਹ ਹਮਲਾ ਅਗਸਤ ਵਿੱਚ ਅਫਗਾਨਿਸਤਾਨ ਵਿੱਚ ਅਬਦੁਲ ਵਲੀ ਉਰਫ਼ ਉਮਰ ਖਾਲਿਦ ਖੁਰਾਸਾਨੀ ਦੀ ਹੱਤਿਆ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। 

Add a Comment

Your email address will not be published. Required fields are marked *