ਹੁਣ ਪਹਿਲਾਂ ਨਾਲੋਂ ਵਧੇਰੇ ਠਰ੍ਹੰਮਾ ਮਹਿਸੂਸ ਕਰਦਾ ਹਾਂ: ਰਾਹੁਲ

ਇੰਦੌਰ, 29 ਨਵੰਬਰ

ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਭਾਰਤ ਜੋੜੋ ਯਾਤਰਾ ਦੌਰਾਨ ਆਪਣੇ ਆਪ ’ਚ ਕੁਝ ਤਬਦੀਲੀ ਮਹਿਸੂਸ ਕਰ ਰਹੇ ਹਨ ਜਿਸ ਵਿੱਚ ਵਧੇਰੇ ਠਰ੍ਹੰਮਾ ਆਉਣਾ ਤੇ ਦੂਜਿਆਂ ਨੂੰ ਸੁਣਨ ਦੀ ਸਮਰੱਥਾ ਵਧਣਾ ਸ਼ਾਮਲ ਹੈ। ਰਾਹੁਲ ਆਪਣੇ ਪੈਦਲ ਮਾਰਚ ਤਹਿਤ 2000 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਨ ਮਗਰੋਂ ਲੰਘੇ ਐਤਵਾਰ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ’ਚ ਪਹੁੰਚੇ। ਯਾਤਰਾ ਦੌਰਾਨ ਸਭ ਤੋਂ ਤਸੱਲੀ ਭਰੇ ਪਲ ਬਾਰੇ ਪੁੱਛੇ ਜਾਣ ਬਾਰੇ ਉਨ੍ਹਾਂ ਕਿਹਾ, ‘ਕਈ ਹਨ, ਪਰ ਮੈਂ ਉਨ੍ਹਾਂ ’ਚੋਂ ਕੁਝ ਦਿਲਚਸਪ ਗੱਲਾਂ ਨੂੰ ਯਾਦ ਕਰਦਾ ਹਾਂ ਜਿਨ੍ਹਾਂ ਵਿੱਚ ਸ਼ਾਮਲ ਹੈ ਕਿ ਇਸ ਯਾਤਰਾ ਕਾਰਨ ਮੇਰਾ ਠਰੰਮਾ ਕਾਫੀ ਵਧ ਗਿਆ ਹੈ।’ ਉਨ੍ਹਾਂ ਕਿਹਾ, ‘ਦੂਜੀ ਗੱਲ, ਹੁਣ ਮੈਂ ਅੱਠ ਘੰਟੇ ’ਚ ਵੀ ਨਹੀਂ ਖਿਝਦਾ। ਉਦੋਂ ਵੀ ਨਹੀਂ ਜੇਕਰ ਕੋਈ ਮੈਨੂੰ ਧੱਕਾ ਦੇਵੇ ਜਾਂ ਖਿੱਚੇ। ਮੈਨੂੰ ਕੋਈ ਫਰਕ ਨਹੀਂ ਪੈਂਦਾ ਜਦਕਿ ਪਹਿਲਾ ਮੈਂ ਦੋ ਘੰਟੇ ’ਚ ਵੀ ਖਿਝ ਜਾਂਦਾ ਸੀ।’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘ਜੇਕਰ ਤੁਸੀਂ ਯਾਤਰਾ ’ਚ ਚੱਲ ਰਹੇ ਹੋ ਤੇ ਦਰਦ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਸਾਹਮਣਾ ਕਰਨਾ ਹੋਵੇਗਾ। ਤੁਸੀਂ ਹਾਰ ਨਹੀਂ ਮੰਨ ਸਕਦੇ।’ ਉਨ੍ਹਾਂ ਕਿਹਾ ਕਿ ਤੀਸਰਾ, ਹੋਰਾਂ ਨੂੰ ਸੁਣਨ ਦੀ ਉਨ੍ਹਾਂ ਦੀ ਸਮਰੱਥਾ ਪਹਿਲਾਂ ਮੁਕਾਬਲੇ ਬਿਹਤਰ ਹੋਈ ਹੈ। ਉਨ੍ਹਾਂ ਕਿਹਾ, ‘ਜਿਵੇਂ ਜੇਕਰ ਕੋਈ ਮੇਰੇ ਕੋਲ ਆਉਂਦਾ ਹੈ ਤਾਂ ਮੈਂ ਉਸ ਨੂੰ ਵਧੇਰੇ ਠਰ੍ਹੰਮੇ ਨਾਲ ਸੁਣਦਾ ਹਾਂ।’

Add a Comment

Your email address will not be published. Required fields are marked *