ਕੋਵਿਡ-19 ਦੀ ਗਲਤ ਰਿਪੋਰਟ ਬਣਾਉਣ ’ਤੇ ਲੈਬਾਰਟਰੀ ਸੰਚਾਲਕ ਤੇ ਡਾਕਟਰ ਖਿਲਾਫ਼ ਕੇਸ ਦਰਜ

ਡੱਬਵਾਲੀ/ਲੰਬੀ, 18 ਅਗਸਤ

ਕਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਮੌਕੇ ਕੋਵਿਡ-19 ਦੀ ਗਲਤ ਆਰਟੀਪੀਸੀਆਰ ਰਿਪੋਰਟ ਬਣਾਉਣ ਦੇ ਦੋਸ਼ਾਂ ਤਹਿਤ ਮੰਡੀ ਕਿੱਲਿਆਂਵਾਲੀ ਦੀ ਸ਼ਿਵ ਲੈਬ ਦੇ ਸੰਚਾਲਕ ਸ਼ਿਵ ਭਗਵਾਨ ਅਤੇ ਡਾ. ਗੁਰਪ੍ਰੀਤ ਕੌਰ ਸੇਠੀ ਖਿਲਾਫ਼ ਡੱਬਵਾਲੀ ਸਿਟੀ ਥਾਣੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਡੱਬਵਾਲੀ ਪੁਲੀਸ ਨੇ ਜੀਰੋ ਐੱਫ਼ਆਈਆਰ ਦਰਜ ਕਰ ਕੇ ਅਗਲੀ ਕਾਰਵਾਈ ਲਈ ਮਾਮਲਾ ਜ਼ਿਲ੍ਹਾ ਸ੍ਰੀ ਮੁਕਤਸਰ ਦੀ ਪੁਲੀਸ ਨੂੰ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਮੁੱਦਈ ਦੀਪਕ ਗਰਗ ਨੇ ਦੱਸਿਆ ਕਿ 21 ਅਪਰੈਲ 2021 ਨੂੰ ਉਸ ਦੀ ਭਰਜਾਈ ਮੀਨਾਕਸ਼ੀ ਪਤਨੀ ਅਸ਼ੋਕ ਕੁਮਾਰ ਨੇ ਬਿਮਾਰ ਹੋਣ ਕਰਕੇ ਸਿਵਲ ਹਸਪਤਾਲ ਡੱਬਵਾਲੀ ਤੋਂ ਕੋਵਿਡ-19 ਆਰਟੀਪੀਸੀਆਰ ਟੈਸਟ ਕਰਵਾਇਆ ਸੀ। ਉਨ੍ਹਾਂ ਦਿਨਾਂ ਵਿੱਚ ਜ਼ਿਲ੍ਹਾ ਸਿਰਸਾ ਵਿੱਚ ਆਰਟੀਪੀਸੀਆਰ ਸੈਂਪਲਾਂ ਦੀ ਰਿਪੋਰਟ ਪੰਜ ਦਿਨਾਂ ‘ਚ ਆਉਂਦੀ ਸੀ, ਇਸ ਕਰ ਕੇ ਦੀਪਕ ਗਰਗ ਨੇ ਮੀਨਾਕਸ਼ੀ ਦਾ ਕੋਵਿਡ-19 ਟੈਸਟ ਮੰਡੀ ਕਿੱਲਿਆਂਵਾਲੀ ਦੇ ਸ਼ਿਵ ਪੈਥ ਲੈਬ ਤੋਂ ਆਰਟੀਪੀਸੀਆਰ ਟੈਸਟ ਕਰਵਾਇਆ। ਸ਼ਿਵ ਪੈਥ ਲੈਬ ਨੇ ਕੁੱਝ ਘੰਟਿਆਂ ਬਾਅਦ ਹੀ ਮੀਨਾਕਸ਼ੀ ਦੀ ਕੋਵਿਡ-19 ਰਿਪੋਰਟ ਨੈਗੇਟਿਵ ਕਰਾਰ ਦੇ ਦਿੱਤੀ। ਮੁੱਦਈ ਦੀਪਕ ਗਰਗ ਨੇ ਦੱਸਿਆ ਕਿ ਮੀਨਾਕਸ਼ੀ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਉਨ੍ਹਾਂ ਦੇ ਸੰਯੁਕਤ ਪਰਿਵਾਰ ਵਿੱਚ ਆਮ ਜ਼ਿੰਦਗੀ ਜਿਉਂਦੇ ਰਹੇ ਤੇ ਪੰਜ ਦਿਨਾਂ ਬਾਅਦ ਸਿਵਲ ਹਸਪਤਾਲ ਡੱਬਵਾਲੀ ਦੀ ਰਿਪੋਰਟ ਵਿੱਚ ਮੀਨਾਕਸ਼ੀ ਨੂੰ ਕਰੋਨਾ ਪਾਜ਼ੇਟਿਵ ਦੱਸਿਆ ਗਿਆ। ਉਪਰੰਤ ਪਰਿਵਾਰ ਦੇ ਸਾਰੇ ਨੌਂ ਮੈਂਬਰ ਵੀ ਪਾਜ਼ੇਟਿਵ ਪਾਏ ਗਏ। ਦੀਪਕ ਗਰਗ ਦੇ ਪਿਤਾ ਰੋਸ਼ਨ ਲਾਲ ਗਰਗ ਅਤੇ ਮਾਤਾ ਸਵਿੱਤਰੀ ਦੇਵੀ ਗਰਗ ਦੀ ਕਰੋਨਾ ਦੌਰਾਨ ਮੌਤ ਹੋ ਗਈ। ਦੀਪਕ ਗਰਗ ਨੇ ਮਾਪਿਆਂ ਦੀ ਮੌਤ ਲਈ ਸ਼ਿਵ ਲੈਬ ਦੀ ਗਲਤ ਰਿਪੋਰਟ ਖਿਲਾਫ਼ ਪ੍ਰਧਾਨ ਮੰਤਰੀ ਦਫ਼ਤਰ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਸ਼ਿਕਾਇਤ ਕਰ ਦਿੱਤੀ। ਮੀਨਾਕਸ਼ੀ ਦੇ ਖੂਨ ਦੀ ਜਾਂਚ ਰਿਪੋਰਟ ’ਤੇ ਡਾ. ਗੁਰਪ੍ਰੀਤ ਕੌਰ ਸੇਠੀ ਦੇ ਡਿਜੀਟਲ ਹਸਤਾਖ਼ਰ ਸਨ, ਪਰ ਕੋਵਿਡ-19 ਰਿਪੋਰਟ ’ਤੇ ਡਾਕਟਰ ਦੇ ਹਸਤਾਖ਼ਰ ਨਹੀਂ ਹਨ। ਥਾਣਾ ਸਿਟੀ ਦੇ ਮੁਖੀ ਸੱਤਿਆਵਾਨ ਨੇ ਦੱਸਿਆ ਕਿ ਇਸ ਬਾਰੇ ਸ਼ਿਕਾਇਤ ’ਤੇ ਐੱਸਐੱਮਓ ਸਿਵਲ ਹਸਪਤਾਲ ਦੀ ਪੜਤਾਲੀਆ ਰਿਪੋਰਟ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ। ਇਹ ਮਾਮਲਾ ਪੰਜਾਬ ਨਾਲ ਸਬੰਧਤ ਹੋਣ ਕਰ ਕੇ ਜ਼ੀਰੋ ਐੱਫ਼ਆਈਆਰ ਕੱਟ ਕੇ ਲੰਬੀ ਪੁਲੀਸ ਨੂੰ ਰੈਫ਼ਰ ਕਰ ਦਿੱਤੀ ਗਈ ਹੈ। ਦੂਜੇ ਪਾਸੇ ਲੰਬੀ ਥਾਣੇ ਦੇ ਮੁਖੀ ਮਨਿੰਦਰ ਸਿੰਘ ਨੇ ਆਖਿਆ ਕਿ ਜ਼ਿਲ੍ਹਾ ਅਟਾਰਨੀ ਦੀ ਰਾਇ ਉਪਰੰਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Add a Comment

Your email address will not be published. Required fields are marked *