ਕ੍ਰੈਮਾਰਿਚ ਦੇ 2 ਗੋਲਾਂ ਦੀ ਮਦਦ ਨਾਲ ਕ੍ਰੋਏਸ਼ੀਆ ਨੇ ਕੈਨੇਡਾ ਨੂੰ 4-1 ਨਾਲ ਹਰਾਇਆ

ਕ੍ਰੋਏਸ਼ੀਆ ਨੇ ਐਤਵਾਰ ਨੂੰ ਇੱਥੇ ਫੀਫਾ ਵਿਸ਼ਵ ਕੱਪ ਦੇ ਆਪਣੇ ਮੈਚ ਵਿੱਚ ਕੈਨੇਡਾ ਨੂੰ 4-1 ਨਾਲ ਹਰਾ ਕੇ ਜ਼ੋਰਦਾਰ ਵਾਪਸੀ ਕੀਤੀ, ਜਿਸ ਵਿੱਚ ਆਂਦਰੇਜ ਕ੍ਰੈਮਾਰਿਚ ਦੇ ਦੋ ਗੋਲ ਕੀਤੇ। ਕੈਨੇਡੀਅਨ ਟੀਮ 36 ਸਾਲਾਂ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਖੇਡ ਰਹੀ ਸੀ, ਪਰ ਕਤਰ ਵਿੱਚ ਦੋ ਮੈਚਾਂ ਮਗਰੋਂ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈ ਸੀ। ਅਲਫੋਂਸੋ ਡੇਵਿਸ ਨੇ ਦੂਜੇ ਮਿੰਟ ਵਿੱਚ ਕੈਨੇਡਾ ਲਈ ਵਿਸ਼ਵ ਕੱਪ ਦਾ ਪਹਿਲਾ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ, ਪਰ ਮੋਰਾਕੋ ਨਾਲ ਆਪਣੇ ਪਹਿਲੇ ਮੈਚ ਵਿੱਚ ਗੋਲ ਰਹਿਤ ਡਰਾਅ ਖੇਡਣ ਵਾਲੀ ਕ੍ਰੋਏਸ਼ੀਆ ਨੇ ਵਾਪਸੀ ਕਰਦਿਆਂ ਚਾਰ ਗੋਲ ਕੀਤੇ।

ਕ੍ਰੈਮਾਰਿਚ (36ਵੇਂ ਅਤੇ 70ਵੇਂ ਮਿੰਟ) ਤੋਂ ਇਲਾਵਾ, ਮਾਰਕੋ ਲਿਵਾਜਾ (44ਵੇਂ ਮਿੰਟ) ਅਤੇ ਲੋਵਰੋ ਮਾਇਰ (90+4ਵੇਂ ਮਿੰਟ) ਨੇ ਵੀ ਖਲੀਫਾ ਇੰਟਰਨੈਸ਼ਨਲ ਸਟੇਡੀਅਮ ਵਿੱਚ ਰੂਸ ਵਿੱਚ 2018 ਵਿਸ਼ਵ ਕੱਪ ਦੀ ਉਪ ਜੇਤੂ ਕ੍ਰੋਏਸ਼ੀਆ ਲਈ ਗੋਲ ਕੀਤੇ। ਕਪਤਾਨ ਲੂਕਾ ਮੋਡ੍ਰਿਕ (37 ਸਾਲ) ਟੂਰਨਾਮੈਂਟ ਦੇ ਆਪਣੇ ਪਹਿਲੇ ਗੋਲ ਦੀ ਭਾਲ ਵਿੱਚ ਸੀ, ਪਰ ਸਫਲਤਾ ਨਹੀਂ ਮਿਲ ਸਕੀ। ਇਹ ਉਸ ਦਾ ਆਖਰੀ ਵਿਸ਼ਵ ਕੱਪ ਹੋ ਸਕਦਾ ਹੈ।

ਗਰੁੱਪ ਐੱਫ ‘ਚ ਕ੍ਰੋਏਸ਼ੀਆ ਅਤੇ ਮੋਰਾਕੋ ਦੇ ਚਾਰ-ਚਾਰ ਅੰਕ ਹਨ। ਬੈਲਜੀਅਮ ਦੇ ਤਿੰਨ ਅੰਕ ਹਨ ਅਤੇ ਉਸ ਕੋਲ ਅਗਲੇ ਦੌਰ ਲਈ ਕੁਆਲੀਫਾਈ ਕਰਨ ਦਾ ਅਜੇ ਵੀ ਮੌਕਾ ਹੈ। ਕੈਨੇਡਾ ਨੂੰ ਪਹਿਲੇ ਦੋ ਮੈਚਾਂ ਤੋਂ ਕੋਈ ਅੰਕ ਨਹੀਂ ਮਿਲੇ ਅਤੇ ਵੀਰਵਾਰ ਨੂੰ ਮੋਰਾਕੋ ਵਿਰੁੱਧ ਜਿੱਤ ਉਸ ਨੂੰ ਅਗਲੇ ਦੌਰ ‘ਚ ਨਹੀਂ ਪਹੁੰਚਾ ਸਕੇਗੀ। ਕ੍ਰੋਏਸ਼ੀਆ ਦਾ ਸਾਹਮਣਾ ਬੈਲਜੀਅਮ ਨਾਲ ਹੋਵੇਗਾ। ਕੈਨੇਡਾ ਇਸ ਤੋਂ ਪਹਿਲਾਂ 1986 ਵਿੱਚ ਵਿਸ਼ਵ ਕੱਪ ਵਿੱਚ ਪਹੁੰਚਿਆ ਸੀ ਅਤੇ ਗਰੁੱਪ ਪੜਾਅ ਵਿੱਚ ਵੀ ਬਾਹਰ ਹੋ ਗਿਆ ਸੀ।

Add a Comment

Your email address will not be published. Required fields are marked *