ਐਲਨ ਮਸਕ 2 ਦਸੰਬਰ ਨੂੰ ਲਾਂਚ ਕਰਨਗੇ ‘ਵੈਰੀਫਾਈਡ’ ਫੀਚਰ, ਬਲੂ ਦੇ ਨਾਲ ਗੋਲਡ ਤੇ ਗ੍ਰੇਅ ਟਿੱਕ ਵੀ ਮਿਲਣਗੇ

ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਨੇ ਸ਼ੁੱਕਰਵਾਰ ਐਲਾਨ ਕਰਦਿਆਂ ਕਿਹਾ ਕਿ 2 ਦਸੰਬਰ ਯਾਨੀ ਸ਼ੁੱਕਰਵਾਰ ਨੂੰ ਉਹ ‘ਵੈਰੀਫਾਈਡ’ ਨਾਂ ਨਾਲ ਆਪਣਾ ਵੈਰੀਫਿਕੇਸ਼ਨ ਫੀਚਰ ਲਾਂਚ ਕਰਨਗੇ। ਉਨ੍ਹਾਂ ਦੱਸਿਆ ਕਿ ਕੰਪਨੀਆਂ ਲਈ ਗੋਲਡ ਦਾ ਟਿੱਕ, ਸਰਕਾਰ ਲਈ ਗ੍ਰੇਅ ਟਿੱਕ, ਵਿਅਕਤੀਆਂ ਲਈ ਬਲੂ ਵਾਲਾ ਫੀਚਰ ਤਿਆਰ ਕੀਤਾ ਗਿਆ ਹੈ। ਇਨ੍ਹਾਂ ਟਿੱਕਾਂ ਦੇ ਸਰਗਰਮ ਹੋਣ ਤੋਂ ਪਹਿਲਾਂ ਸਾਰੇ ਪ੍ਰਮਾਣਿਤ ਖਾਤਿਆਂ ਨੂੰ ਮੈਨੁਅਲ ਤੌਰ ’ਤੇ ਪ੍ਰਮਾਣਿਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਦੇਰੀ ਲਈ ਅਫ਼ਸੋਸ ਹੈ, ਉਹ ਅਸਥਾਈ ਤੌਰ ’ਤੇ ਅਗਲੇ ਹਫ਼ਤੇ 2 ਦਸੰਬਰ ਦਿਨ ਸ਼ੁੱਕਰਵਾਰ ਨੂੰ ‘ਵੈਰੀਫਾਈਡ’ ਲਾਂਚ ਕਰ ਰਹੇ ਹਨ। ਕੰਪਨੀ ਨੇ ਆਪਣੇ ਹਾਲ ਹੀ ’ਚ ਐਲਾਨੇ 8 ਡਾਲਰ ਬਲੂ ਟਿੱਕ ਸਬਸਕ੍ਰਿਪਸ਼ਨ ਸੇਵਾ ਨੂੰ ਜਾਅਲੀ ਖਾਤਿਆਂ ਕਾਰਨ ਰੋਕ ਦਿੱਤਾ ਸੀ ਤੇ ਕਿਹਾ ਸੀ ਕਿ ਮੰਗ ਤੋਂ ਬਾਅਦ ਟਿੱਕ ਸਬਸਕ੍ਰਿਪਸ਼ਨ ਸੇਵਾ 29 ਨਵੰਬਰ ਨੂੰ ਮੁੜ ਸ਼ੁਰੂ ਕੀਤੀ ਜਾਵੇਗੀ ਪਰ ਬਾਅਦ ’ਚ ਬਲੂ ਟਿੱਕ ਸਬਸਕ੍ਰਿਪਸ਼ਨ ਦੇ ਦੁਬਾਰਾ ਲਾਂਚ ’ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਦੱਸ ਦੇਈਏ ਕਿ ਆਈਕਾਨਿਕ ਨੀਲੇ ਟਿੱਕ ਦਾ ਨਿਸ਼ਾਨ ਪਹਿਲਾਂ ਸਿਆਸਤਦਾਨਾਂ, ਮਸ਼ਹੂਰ ਹਸਤੀਆਂ, ਪੱਤਰਕਾਰਾਂ ਅਤੇ ਹੋਰ ਜਨਤਕ ਹਸਤੀਆਂ ਦੇ ਪ੍ਰਮਾਣਿਤ ਖਾਤਿਆਂ ਲਈ ਰਾਖਵਾਂ ਸੀ।

ਐਲਨ ਮਸਕ ਨੇ ਟਵਿੱਟਰ ’ਤੇ ਪਾਬੰਦੀਸ਼ੁਦਾ ਅਕਾਊਂਟ ਵਾਲੇ ਯੂਜ਼ਰਜ਼ ਲਈ ਵੱਡਾ ਫ਼ੈਸਲਾ ਲਿਆ ਹੈ। ਹੁਣ ਮਸਕ ਮੁਅੱਤਲ ਕੀਤੇ ਖਾਤੇ ਦੁਬਾਰਾ ਸ਼ੁਰੂ ਕਰਨਗੇ। ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵਿੱਟਰ ਹੈਂਡਲ ਨੂੰ ਬਹਾਲ ਕਰਨ ਤੋਂ ਬਾਅਦ ਹੋਰ ਮੁਅੱਤਲ ਕੀਤੇ ਖਾਤਿਆਂ ਨੂੰ ਵੀ ਮਾਫੀ ਦੇ ਕੇ ਉਨ੍ਹਾਂ ਦੀ ਬਹਾਲੀ ਵੀ ਸ਼ੁਰੂ ਕੀਤੀ ਜਾਵੇਗੀ। ਇਹ ਫ਼ੈਸਲਾ ਲੈਣ ਤੋਂ ਪਹਿਲਾਂ ਮਸਕ ਨੇ ਪੋਲ ਕਰਕੇ ਲੋਕਾਂ ਤੋਂ ਉਨ੍ਹਾਂ ਦੀ ਰਾਇ ਮੰਗੀ ਸੀ। 24 ਨਵੰਬਰ ਨੂੰ ਮਸਕ ਨੇ ਇਕ ਪੋਲ ਬਣਾਈ ਸੀ, ਜਿਸ ’ਚ ਪੁੱਛਿਆ ਗਿਆ ਸੀ ਕਿ ਕੀ ਟਵਿੱਟਰ ਨੂੰ ਸਸਪੈਂਡ ਕੀਤੇ ਅਕਾਊਂਟਸ ’ਤੇ ਆਮ ਮੁਆਫੀ ਦੇਣੀ ਚਾਹੀਦੀ ਹੈ। ਇਸ ’ਤੇ 72.4 ਫੀਸਦੀ ਲੋਕਾਂ ਨੇ ਹਾਂ ’ਚ ਜਵਾਬ ਦਿੱਤਾ।

ਟਵਿੱਟਰ ਪੋਲ ਦੇ ਨਤੀਜੇ ਤੋਂ ਬਾਅਦ ਐਲਨ ਮਸਕ ਨੇ ਵੀ ਆਪਣੇ ਵੱਲੋਂ ਇਕ ਨਵਾਂ ਟਵੀਟ ਕੀਤਾ ਹੈ। ਵੀਰਵਾਰ ਦੇਰ ਰਾਤ ਐਲਨ ਮਸਕ ਨੇ ਟਵੀਟ ਕਰ ਕਿਹਾ ਕਿ ਉਹੀ ਹੋਵੇਗਾ, ਜੋ ਜਨਤਾ ਚਾਹੁੰਦੀ ਹੈ। ਜ਼ਿਆਦਾਤਰ ਟਵਿੱਟਰ ਯੂਜ਼ਰਜ਼ ਨੇ ਮੁਅੱਤਲ ਕੀਤੇ ਅਕਾਊਂਟਸ ਦੀ ਬਹਾਲੀ ’ਤੇ ਆਪਣੀ ਮੋਹਰ ਲਗਾਈ ਤਾਂ ਅਜਿਹਾ ਹੀ ਹੋਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਟਵਿੱਟਰ ’ਤੇ ਮੁਅੱਤਲ ਕੀਤੇ ਅਕਾਊਂਟਸ ਦੀ ਬਹਾਲੀ ਪ੍ਰਕਿਰਿਆ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗੀ।

Add a Comment

Your email address will not be published. Required fields are marked *