ਰਾਹੁਲ ਨੇ ਦਿੱਲੀ ਪੁਲੀਸ ਦੇ ਨੋਟਿਸ ਦਾ ਦਿੱਤਾ ਮੁੱਢਲਾ ਜਵਾਬ

ਨਵੀਂ ਦਿੱਲੀ, 19 ਮਾਰਚ-: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਬਾਰੇ ਦਿੱਤੇ ਗਏ ਬਿਆਨ ਦੇ ਸਬੰਧ ’ਚ ਦਿੱਲੀ ਪੁਲੀਸ ਦੇ ਨੋਟਿਸ ਦਾ ਅੱਜ ਚਾਰ ਪੰਨਿਆਂ ਦਾ ਮੁੱਢਲਾ ਜਵਾਬ ਭੇਜ ਦਿੱਤਾ ਹੈ। ਉਨ੍ਹਾਂ ਅਧਿਕਾਰੀਆਂ ਵੱਲੋਂ ਅਪਣਾਈ ਗਈ ਪ੍ਰਕਿਰਿਆ ਅਤੇ 45 ਦਿਨਾਂ ਦੀ ਦੇਰੀ ਮਗਰੋਂ ਅਚਾਨਕ ਕੀਤੀ ਗਈ ਕਾਰਵਾਈ ’ਤੇ ਸਵਾਲ ਉਠਾਏ ਹਨ। ਕਾਂਗਰਸ ਨੇ ਦਿੱਲੀ ਪੁਲੀਸ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਕੇਂਦਰ ਸਰਕਾਰ ’ਤੇ ਹਮਲਾ ਬੋਲਿਆ ਅਤੇ ਕਿਹਾ ਕਿ ਇਹ ਸਿਆਸੀ ਬਦਲਾਖੋਰੀ ਅਤੇ ਪ੍ਰੇਸ਼ਾਨ ਕਰਨ ਦਾ ਢੰਗ-ਤਰੀਕਾ ਹੈ। ਇਹ ਕਾਰਵਾਈ ਉਸ ਸਮੇਂ ਅਮਲ ’ਚ ਲਿਆਂਦੀ ਗਈ ਹੈ ਜਦੋਂ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਦੋਸ਼ ਲਾ ਰਹੀਆਂ ਹਨ ਕਿ ਸਿਆਸੀ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਉਣ ਲਈ ਕੇਂਦਰ ਸਰਕਾਰ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ।

ਸੂਤਰਾਂ ਨੇ ਕਿਹਾ ਕਿ ਪਿਛਲੇ ਪੰਜ ਦਿਨਾਂ ’ਚ ਪੁਲੀਸ ਦੇ ਤੀਜੀ ਵਾਰ ਰਾਹੁਲ ਗਾਂਧੀ ਦੀ ਰਿਹਾਇਸ਼ ’ਤੇ ਪਹੁੰਚਣ ਦੇ ਕੁਝ ਘੰਟਿਆਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਆਪਣੇ ਜਵਾਬ ’ਚ 10 ਨੁਕਤਿਆਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ 30 ਜਨਵਰੀ ਦੇ ਬਿਆਨ ਨੂੰ ਲੈ ਕੇ ਦਿੱਲੀ ਪੁਲੀਸ ਦੇ ਨੋਟਿਸ ਦਾ ਵਿਸਥਾਰਤ ਜਵਾਬ ਦੇਣ ਲਈ 8 ਤੋਂ 10 ਦਿਨ ਦਾ ਸਮਾਂ ਮੰਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਵਿਸ਼ੇਸ਼ ਪੁਲੀਸ ਕਮਿਸ਼ਨਰ (ਕਾਨੂੰਨ ਪ੍ਰਬੰਧ) ਸਾਗਰ ਪ੍ਰੀਤ ਹੁੱਡਾ ਦੀ ਅਗਵਾਈ ਹੇਠ ਪੁਲੀਸ ਟੀਮ ਰਾਹੁਲ ਗਾਂਧੀ ਦੀ 12, ਤੁਗਲਕ ਲੇਨ ਸਥਿਤ ਰਿਹਾਇਸ਼ ’ਤੇ ਸਵੇਰੇ 10 ਵਜੇ ਦੇ ਕਰੀਬ ਪੁੱਜੀ ਅਤੇ ਦੋ ਘੰਟਿਆਂ ਬਾਅਦ ਉਹ ਕਾਂਗਰਸ ਆਗੂ ਨੂੰ ਮਿਲ ਸਕੇ। ਇਸ ਮਗਰੋਂ ਟੀਮ ਉਨ੍ਹਾਂ ਦੇ ਘਰ ਤੋਂ ਕਰੀਬ ਇਕ ਵਜੇ ਪਰਤੀ। ਪੁਲੀਸ ਮੁਤਾਬਕ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਸ੍ਰੀਨਗਰ ’ਚ ਕਿਹਾ ਸੀ ਕਿ ਉਨ੍ਹਾਂ ਸੁਣਿਆ ਹੈ ਕਿ ਮਹਿਲਾਵਾਂ ਦਾ ਅਜੇ ਵੀ ਜਿਨਸੀ ਸ਼ੋਸ਼ਣ ਹੋ ਰਿਹਾ ਹੈ। ‘ਯਾਤਰਾ ਦਿੱਲੀ ’ਚੋਂ ਵੀ ਲੰਘੀ ਸੀ ਅਤੇ ਅਸੀਂ ਪਤਾ ਲਾਉਣਾ ਚਾਹੁੰਦੇ ਸੀ ਕਿ ਕਿਸੇ ਪੀੜਤਾ ਨੇ ਕਾਂਗਰਸ ਆਗੂ ਕੋਲ ਪਹੁੰਚ ਕੀਤੀ ਹੈ ਤਾਂ ਉਸ ਦੀ ਜਾਣਕਾਰੀ ਲੈ ਕੇ ਇਸ ਮਾਮਲੇ ’ਚ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ।’ ਅਧਿਕਾਰੀ ਨੇ ਕਿਹਾ ਕਿ ਪੁਲੀਸ ਨੇ ਉਨ੍ਹਾਂ ਤੋਂ ਪੀੜਤਾਂ ਦੇ ਵੇਰਵੇ ਮੰਗੇ ਹਨ ਤਾਂ ਜੋ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ। ਸ਼ਾਮ ਚਾਰ ਵਜੇ ਤੋਂ ਕੁਝ ਸਮਾਂ ਪਹਿਲਾਂ ਮੁੱਢਲਾ ਜਵਾਬ ਭੇਜਦਿਆਂ ਰਾਹੁਲ ਗਾਂਧੀ ਨੇ ਪੁਲੀਸ ਕਾਰਵਾਈ ਨੂੰ ‘ਬੇਮਿਸਾਲ’ ਕਰਾਰ ਦਿੱਤਾ ਅਤੇ     ਪੁੱਛਿਆ ਕਿ ਕੀ ਅਡਾਨੀ ਮੁੱਦੇ ’ਤੇ ਸੰਸਦ ਦੇ ਅੰਦਰ ਅਤੇ ਬਾਹਰ ਉਨ੍ਹਾਂ ਦੇ ਰਵੱਈਏ ਨਾਲ ਇਸ ਕਾਰਵਾਈ ਦਾ ਕੋਈ ਸਬੰਧ ਹੈ। 

ਸੂਤਰਾਂ ਨੇ ਦੱਸਿਆ ਕਿ ਰਾਹੁਲ ਨੇ ਆਪਣੇ ਜਵਾਬ ’ਚ ਸ੍ਰੀਨਗਰ ’ਚ ਉਨ੍ਹਾਂ ਵੱਲੋਂ ਕੀਤੀ ਗਈ ਟਿੱਪਣੀ ਦੇ 45 ਦਿਨਾਂ ਮਗਰੋਂ ਪੁਲੀਸ ਦੇ ਅਚਾਨਕ ਸਰਗਰਮ ਹੋਣ ’ਤੇ ਵੀ ਸਵਾਲ ਖੜ੍ਹਾ ਕੀਤਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਹ ਵੀ ਪੁੱਛਿਆ ਕਿ ਕੀ ਸਿਆਸੀ ਮੁਹਿੰਮਾਂ ਨੂੰ ਲੈ ਕੇ ਹਾਕਮ ਧਿਰ ਸਮੇਤ ਕਿਸੇ ਹੋਰ ਸਿਆਸੀ ਪਾਰਟੀ ਦੀ ਇਸ ਤਰ੍ਹਾਂ ਦੇ ਮਾਮਲੇ ’ਚ ਜਾਂਚ ਜਾਂ ਉਨ੍ਹਾਂ ਤੋਂ ਕੋਈ ਪੁੱਛ-ਪੜਤਾਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪੁਲੀਸ ਟੀਮ ਦੇ ਰਾਹੁਲ ਗਾਂਧੀ ਦੀ ਰਿਹਾਇਸ਼ ’ਤੇ ਪਹੁੰਚਣ ਮਗਰੋਂ ਕਾਂਗਰਸ ਆਗੂ ਪਵਨ ਖੇੜਾ, ਅਭਿਸ਼ੇਕ ਮਨੂ ਸਿੰਘਵੀ, ਜੈਰਾਮ ਰਮੇਸ਼ ਅਤੇ ਹੋਰ ਆਗੂ ਉਥੇ ਪਹੁੰਚ ਗਏ। ਪਾਰਟੀ ਵਰਕਰਾਂ ਨੇ ਘਰ ਬਾਹਰ ਨਾਅਰੇਬਾਜ਼ੀ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਦੀ ਪੁਲੀਸ ਨਾਲ ਤਕਰਾਰ ਵੀ ਹੋਈ। ਇਕ ਅਧਿਕਾਰੀ ਨੇ ਕਿਹਾ ਕਿ ਚਾਰ-ਪੰਜ ਕਾਂਗਰਸ ਵਰਕਰਾਂ ਨੂੰ ਹਿਰਾਸਤ ’ਚ ਲੈਣ ਮਗਰੋਂ ਉਨ੍ਹਾਂ ਨੂੰ ਬਾਅਦ ’ਚ ਰਿਹਾਅ ਕਰ ਦਿੱਤਾ ਗਿਆ। ਵਿਸ਼ੇਸ਼ ਪੁਲੀਸ ਕਮਿਸ਼ਨਰ ਹੁੱਡਾ ਨੇ ਕਿਹਾ ਕਿ ਰਾਹੁਲ ਦੇ ਬਿਆਨ ਮਗਰੋਂ ਉਨ੍ਹਾਂ ਪੀੜਤਾਂ ਦੀ ਭਾਲ ਦੀ ਕੋਸ਼ਿਸ਼ ਕੀਤੀ ਸੀ ਪਰ ਕੋਈ ਜਾਣਕਾਰੀ ਨਹੀਂ ਮਿਲੀ। ਰਾਹੁਲ ਗਾਂਧੀ ਨੂੰ ਸਵਾਲਾਂ ਦੇ ਨਾਲ ਨੋਟਿਸ ਭੇਜਿਆ ਗਿਆ ਸੀ ਪਰ ਉਹ ਵਿਦੇਸ਼ ’ਚ ਸਨ ਜਿਸ ਕਾਰਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਸੀ ਅਤੇ ਅੱਜ ਉਹ ਉਨ੍ਹਾਂ ਦੀ ਰਿਹਾਇਸ਼ ’ਤੇ ਗਏ ਸਨ। ਕਾਂਗਰਸ ਦਫ਼ਤਰ ’ਤੇ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਅਤੇ ਕੌਮੀ ਤਰਜਮਾਨ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਇਹ ‘ਬਦਲਾਖੋਰੀ, ਪ੍ਰੇਸ਼ਾਨ ਕਰਨ ਅਤੇ ਧਮਕਾਉਣ’ ਦਾ ਮਾਮਲਾ ਹੈ ਤਾਂ ਜੋ ਪਾਰਟੀ ਦੇ ਸਾਬਕਾ ਪ੍ਰਧਾਨ ਖ਼ਿਲਾਫ਼ ਮਾਹੌਲ ਬਣਾਇਆ ਜਾ ਸਕੇ। ਗਹਿਲੋਤ ਨੇ ਚਿਤਾਵਨੀ ਦਿੱਤੀ ਕਿ ਕੇਂਦਰ ਸਰਕਾਰ ਵਿਰੋਧੀ ਆਗੂਆਂ ਦੀਆਂ ਸਿਆਸੀ ਮੁਹਿੰਮਾਂ ਦੌਰਾਨ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਮਾੜੀ ਮਿਸਾਲ ਕਾਇਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੈਰ ਭਾਜਪਾਈ ਸੂਬਿਆਂ ’ਚ ਅਜਿਹੀ ਕਾਰਵਾਈ ਦਾ ਸਾਹਮਣਾ ਭਾਜਪਾ ਆਗੂਆਂ ਅਤੇ ਕੇਂਦਰੀ ਮੰਤਰੀਆਂ ਨੂੰ ਕਰਨਾ ਪੈ ਸਕਦਾ ਹੈ।

Add a Comment

Your email address will not be published. Required fields are marked *