ਦਿੱਗਜ ਅਦਾਕਾਰ ਵਿਕਰਮ ਗੋਖਲੇ ਦੀ ਹਾਲਤ ਚਿੰਤਾਜਨਕ, ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਕੀਤਾ ਬੰਦ

ਮੁੰਬਈ : ਹਿੰਦੀ ਅਤੇ ਮਰਾਠੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਵਿਕਰਮ ਗੋਖਲੇ ਦੀ ਸਿਹਤ ਕਾਫ਼ੀ ਖ਼ਰਾਬ ਹੈ। ਉਨ੍ਹਾਂ ਨੂੰ ਪੁਣੇ ਦੇ ਪੰਡਿਤ ਦੀਨਾਨਾਥ ਮੰਗੇਸ਼ਕਰ ਹਸਪਤਾਲ ਦੇ ਆਈ. ਸੀ. ਯੂ. ‘ਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ, ਵਿਕਰਮ ਗੋਖਲੇ ਦੀ ਹਾਲਤ ਕਾਫ਼ੀ ਚਿੰਤਾਜਨਕ ਬਣੀ ਹੋਈ ਹੈ। 77 ਸਾਲਾ ਵਿਕਰਮ ਗੋਖਲੇ ਦਾ 6 ਨਵੰਬਰ ਤੋਂ ਹਸਪਤਾਲ ‘ਚ ਆਉਣਾ ਜਾਣਾ ਲੱਗਿਆ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਦੇ ਇੱਕ ਸੂਤਰ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਬਹੁਤ ਚਿੰਤਾਜਨਕ ਬਣੀ ਹੋਈ ਹੈ। ਸੂਤਰ ਮੁਤਾਬਕ ਉਹ ਲਿਵਰ ਨਾਲ ਜੁੜੀ ਗੰਭੀਰ ਬੀਮਾਰੀ ਤੋਂ ਪੀੜਤ ਹੈ ਅਤੇ ਸਰੀਰ ਦੇ ਹੋਰ ਅੰਗ ਵੀ ਠੀਕ ਤਰ੍ਹਾਂ ਕੰਮ ਨਹੀਂ ਕਰ ਪਾ ਰਹੇ।

ਵਿਕਰਮ ਗੋਖਲੇ ਨੇ ਸਾਲ 1999 ‘ਚ ਰਿਲੀਜ਼ ਹੋਈ ਸੰਜੇ ਲੀਲਾ ਭੰਸਾਲੀ ਦੀ ‘ਹਮ ਦਿਲ ਦੇ ਚੁਕੇ ਸਨਮ’ ‘ਚ ਐਸ਼ਵਰਿਆ ਰਾਏ ਬੱਚਨ ਦੇ ਪਿਤਾ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਭੂਲ ਭੁਲਾਇਆ’, ‘ਮਿਸ਼ਨ ਮੰਗਲ’, ‘ਦਿਲ ਸੇ’, ‘ਦੇ ਦਨਾ ਦਾਨ, ਹਿਚਕੀ’ ਵਰਗੀਆਂ ਕਈ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ ਹੈ। ਸਾਲ 2013 ‘ਚ ਉਨ੍ਹਾਂ ਨੂੰ ਮਰਾਠੀ ਫ਼ਿਲਮ ‘ਅਨੁਮਤੀ’ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ।

ਪਿਛਲੇ ਸਾਲ ਈ-ਟਾਈਮਜ਼ ਨਾਲ ਗੱਲਬਾਤ ਦੌਰਾਨ ਵਿਕਰਮ ਗੋਖਲੇ ਨੇ ਆਪਣੇ ਬੁਰੇ ਦਿਨਾਂ ਬਾਰੇ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਅਮਿਤਾਭ ਬੱਚਨ ਨੇ ਸੰਘਰਸ਼ ਦੇ ਦਿਨਾਂ ‘ਚ ਮੇਰੀ ਬਹੁਤ ਮਦਦ ਕੀਤੀ ਸੀ। ਉਨ੍ਹਾਂ ਨੇ ਕਿਹਾ, ‘ਜਦੋਂ ਮੈਂ ਇਸ ਇੰਡਸਟਰੀ ‘ਚ ਐਂਟਰੀ ਕੀਤੀ ਤਾਂ ਮੈਨੂੰ ਕਾਫ਼ੀ ਸੰਘਰਸ਼ ਕਰਨਾ ਪਿਆ। ਮੈਂ ਵਿੱਤੀ ਸੰਕਟ ‘ਚੋਂ ਲੰਘ ਰਿਹਾ ਸੀ ਅਤੇ ਮੁੰਬਈ ‘ਚ ਘਰ ਦੀ ਤਲਾਸ਼ ਕਰ ਰਿਹਾ ਸੀ। ਜਦੋਂ ਅਮਿਤਾਭ ਬੱਚਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਖੁਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਮਨੋਹਰ ਜੋਸ਼ੀ ਨੂੰ ਪੱਤਰ ਲਿਖਿਆ। ਉਨ੍ਹਾਂ ਦੀ ਸਿਫ਼ਾਰਸ਼ ‘ਤੇ ਮੈਨੂੰ ਸਰਕਾਰ ਤੋਂ ਮਕਾਨ ਮਿਲਿਆ ਸੀ। ਮੇਰੇ ਕੋਲ ਹਾਲੇ ਵੀ ਉਹ ਚਿੱਠੀ ਹੈ, ਜੋ ਮੈਂ ਫਰੇਮ ਕੀਤੀ ਹੈ।

Add a Comment

Your email address will not be published. Required fields are marked *