OLX ‘ਤੇ ਲਹਿੰਗਾ ਵੇਚਣ ਦੇ ਚੱਕਰ ‘ਚ ਫਰੀਦਕੋਟ ਦੀ ਕੁੜੀ ਨਾਲ ਹੋਇਆ ਧੋਖਾ

ਚੰਡੀਗੜ੍ਹ : ਇਕ ਕੁੜੀ ਨੂੰ ਆਨਲਾਈਨ ਲਹਿੰਗਾ ਵੇਚਣਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਖ਼ਰੀਦਦਾਰ ਨੇ ਧੋਖੇ ਨਾਲ ਉਸ ਦੇ ਖਾਤੇ ‘ਚੋਂ 7 ਲੱਖ ਰੁਪਏ ਟਰਾਂਸਫਰ ਕਰਵਾ ਲਏ। ਇਸ ਸਭ ਤੋਂ ਬਾਅਦ ਤਾਂ ਉਸ ਦੇ ਹੋਸ਼ ਹੀ ਉੱਡ ਗਏ। ਹਰਨੂਰ ਦੀ ਸ਼ਿਕਾਇਤ ’ਤੇ ਥਾਣਾ ਸਾਈਬਰ ਪੁਲਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਾਈਬਰ ਥਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਹਰਨੂਰ ਨੇ ਦੱਸਿਆ ਕਿ ਉਸ ਨੇ ਆਪਣਾ ਲਹਿੰਗਾ ਵੇਚਣਾ ਸੀ, ਜਿਸ ਲਈ ਓ. ਐੱਲ. ਐਕਸ. ’ਤੇ ਇਸ਼ਤਿਹਾਰ ਦਿੱਤਾ ਸੀ। ਇਸ ਦੌਰਾਨ ਉਸ ਦੀ ਸ਼ਿਵਮ ਕੁਮਾਰ ਨਾਂ ਦੇ ਵਿਅਕਤੀ ਨਾਲ ਗੱਲ ਹੋਈ।

ਉਸਨੇ ਮੈਨੂੰ ਲਹਿੰਗੇ ਲਈ ਭੁਗਤਾਨ ਕਰਨ ਲਈ ਬਾਰ ਕੋਡ ਸਾਂਝਾ ਕੀਤਾ ਅਤੇ ਦੱਸਿਆ ਕਿ ਇਸ ਨੂੰ ਸਕੈਨ ਕਰਨ ’ਤੇ ਭੁਗਤਾਨ ਮੇਰੇ ਖਾਤੇ ‘ਚ ਕ੍ਰੈਡਿਟ ਹੋ ਜਾਵੇਗਾ। ਜਿਵੇਂ ਹੀ ਬਾਰ ਕੋਡ ਦੀ ਵਰਤੋਂ ਕੀਤੀ, ਉਸੇ ਸਮੇਂ ਮੇਰੇ ਖਾਤੇ ‘ਚੋਂ 16 ਹਜ਼ਾਰ ਰੁਪਏ ਉਸ ਵਿਅਕਤੀ ਦੇ ਬੈਂਕ ਖ਼ਾਤੇ ‘ਚ ਟਰਾਂਸਫਰ ਹੋ ਗਏ। ਮੈਂ ਉਸ ਵਿਅਕਤੀ ਨੂੰ ਫੋਨ ਕਰ ਕੇ 16 ਹਜ਼ਾਰ ਰੁਪਏ ਵਾਪਸ ਕਰਨ ਲਈ ਕਿਹਾ। ਉਸ ਨੇ ਕਿਹਾ ਕਿ ਮੈਂ ਉਸ ਨੂੰ ਆਪਣਾ ਬੈਂਕ ਖ਼ਾਤਾ ਨੰਬਰ ਦੱਸਾਂ, ਤਾਂ ਜੋ ਉਹ ਮੇਰੇ ਪੈਸੇ ਵਾਪਸ ਕਰ ਸਕੇ। ਇਸ ਦੌਰਾਨ ਉਸ ਨੇ ਓ. ਟੀ. ਪੀ. ਦੱਸਣ ਲਈ ਵੀ ਕਿਹਾ। ਜਿਵੇਂ ਹੀ ਮੈਂ ਉਸ ਨੂੰ ਇਹ ਵੇਰਵਾ ਦਿੱਤਾ, ਉਸੇ ਸਮੇਂ ਮੈਨੂੰ ਖਾਤੇ ‘ਚੋਂ 6,99,000 ਰੁਪਏ ਨਿਕਲਣ ਦਾ ਮੈਸਜ ਆਇਆ, ਜਿਸ ਤੋਂ ਬਾਅਦ ਉਸ ਵਿਅਕਤੀ ਨੇ ਮੈਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਸ ਦੇ 7 ਲੱਖ ਰੁਪਏ ਮੇਰੇ ਖ਼ਾਤੇ ‘ਚ ਟਰਾਂਸਫਰ ਹੋ ਗਏ ਹਨ।

ਉਸ ਨੇ ਪੈਸੇ ਕਢਵਾਉਣ ਲਈ ਮੈਨੂੰ ਆਪਣਾ ਖਾਤਾ ਨੰਬਰ ਦੱਸਿਆ, ਜਿਸ ਤੋਂ ਬਾਅਦ ਮੈਂ ਆਪਣੇ ਪੈਸੇ ਕੱਟ ਕੇ ਉਸਦੇ ਖਾਤੇ ‘ਚ 6,74,000 ਰੁਪਏ ਵਾਪਸ ਕਰ ਦਿੱਤੇ, ਜਿਸ ਤੋਂ ਬਾਅਦ ਉਸਦਾ ਮੋਬਾਇਲ ਬੰਦ ਆਉਣ ਲੱਗਾ। ਸ਼ੱਕ ਹੋਣ ’ਤੇ ਜਦੋਂ ਮੈਂ ਆਪਣੇ ਬੈਂਕ ਜਾ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ 7 ਲੱਖ ਰੁਪਏ ਉਸ ਦੇ ਨਹੀਂ, ਸਗੋਂ ਮੇਰੇ ਬੈਂਕ ਖ਼ਾਤੇ ਦੀ ਹੀ ਆਫਰ ਡਰਾਫਟ ਲਿਮਟ ਦੇ ਸਨ। ਆਪਣੇ ਨਾਲ ਹੋਈ ਧੋਖਾਦੋਹੀ ਸਬੰਧੀ ਪਤਾ ਲੱਗਣ ’ਤੇ ਉਸ ਨੇ ਤੁਰੰਤ ਇਸ ਸਬੰਧੀ ਸਾਈਬਰ ਥਾਣੇ ‘ਚ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਉਸਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Add a Comment

Your email address will not be published. Required fields are marked *