MLA ਭਰਾਜ ਨੇ ਟੋਲ ਪਲਾਜ਼ਾ ‘ਤੇ ਗੁੰਡਾ ਟੈਕਸ ਬੰਦ ਕਰਕੇ ਪ੍ਰਬੰਧਾਂ ਨੂੰ ਪੂਰਾ ਕਰਨ ਲਈ ਦਿੱਤਾ 10 ਦਿਨ ਦਾ ਅਲਟੀਮੇਟਮ

ਭਵਾਨੀਗੜ੍ਹ : ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਬੁੱਧਵਾਰ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਪਿੰਡ ਕਾਲਾਝਾੜ ਨੇੜੇ ਟੋਲ ਪਲਾਜ਼ਾ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਵਿਧਾਇਕਾ ਭਰਾਜ ਨੇ ਟੋਲ ਪਲਾਜ਼ਾ ਅਧੀਨ ਆਉਂਦੀਆਂ ਸੜਕਾਂ ਦੇ ਸਹੀ ਰੱਖ-ਰਖਾਅ ਨਾ ਹੋਣ, ਬੰਦ ਪਈਆਂ ਲਾਈਟਾਂ, ਟੋਲ ’ਤੇ ਐਬੂਲੈਂਸ ਗੱਡੀਆਂ ਅਤੇ ਹੋਰ ਸਾਜ਼ੋ-ਸਾਮਾਨ ਪੂਰਾ ਨਾ ਹੋਣ ਸਮੇਤ ਟੋਲ ਤੋਂ ਪਹਿਲਾਂ ਪਿੰਡ ਰਾਜਪੁਰਾ ਤੇ ਮੁਨਸ਼ੀਵਾਲਾ ਨੂੰ ਜਾਣ ਵਾਲੀਆਂ ਲਿੰਕ ਸੜਕਾਂ ’ਤੇ ਨਾਜਾਇਜ਼ ਬੈਰੀਕੇਟਿੰਗ ਕਰਕੇ ਵਾਹਨ ਚਾਲਕਾਂ ਤੋਂ ਕਥਿਤ ਤੌਰ ’ਤੇ ਵਸੂਲ ਕੀਤੇ ਜਾ ਰਹੇ ਗੁੰਡਾ ਟੈਕਸ ਦਾ ਗੰਭੀਰ ਨੋਟਿਸ ਲੈਂਦਿਆਂ ਟੋਲ ਪ੍ਰਬੰਧਕਾਂ ਨੂੰ ਇਸ ਤੋਂ ਬਾਜ਼ ਆਉਣ ਅਤੇ ਘਾਟਾਂ ਨੂੰ ਦੂਰ ਕਰਨ ਲਈ 10 ਦਿਨਾਂ ਦਾ ਸਮਾਂ ਦਿੱਤਾ।

ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕਾ ਭਰਾਜ ਨੇ ਕਿਹਾ ਕਿ ਐੱਨ.ਐੱਚ.ਏ.ਆਈ. ਅਧੀਨ ਲਾਏ ਉਕਤ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਵੱਲੋਂ ਸ਼ਰਤਾਂ ਨੂੰ ਪੂਰਾ ਨਾ ਕਰਕੇ ਆਮ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇਸ ਸਬੰਧੀ 2 ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਟੋਲ ਪਲਾਜ਼ਾ ਦੇ ਅਧਿਕਾਰੀਆਂ ਨੂੰ ਘਾਟਾਂ ਪੂਰੀਆਂ ਕਰਨ ਲਈ ਆਖਿਆ ਗਿਆ ਸੀ ਪਰ ਇਸ ਸਬੰਧੀ ਕੋਈ ਗੰਭੀਰਤਾ ਨਹੀਂ ਦਿਖਾਈ ਗਈ ਤਾਂ ਹੁਣ ਲੋਕਾਂ ਨੂੰ ਝੱਲਣੀਆਂ ਪੈ ਰਹੀਆਂ ਪ੍ਰੇਸ਼ਾਨੀਆਂ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਤੀਜੀ ਵਾਰ ਉਕਤ ਟੋਲ ਪਲਾਜ਼ਾ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ, ਜਿਸ ਤਹਿਤ ਟੋਲ ਪ੍ਰਬੰਧਕਾਂ ਨੂੰ 15 ਅਪ੍ਰੈਲ ਤੱਕ ਟੋਲ ਪਲਾਜ਼ਾ ਦੀਆਂ ਸਾਰੀਆਂ ਸ਼ਰਤਾਂ ’ਤੇ ਖਰਾ ਉਤਰਨ ਲਈ ਆਖਿਆ ਗਿਆ ਹੈ, ਨਹੀਂ ਤਾਂ ਦਿੱਤੇ ਸਮੇਂ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਟੋਲ ਨੂੰ ਪਰਚੀ ਮੁਕਤ ਕਰ ਦਿੱਤਾ ਜਾਵੇਗਾ ਤੇ ਇਸ ਬਾਰੇ ਉਨ੍ਹਾਂ ਟੋਲ ਕਰਮਚਾਰੀਆਂ ਭਰੋਸਾ ਦਿਵਾਇਆ ਕਿ ਇਸ ਦੌਰਾਨ ਉਹ ਉਨ੍ਹਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ ਤੇ ਟੋਲ ਕਰਮਚਾਰੀਆਂ ਦੀ ਤਨਖਾਹ ਉਹ ਆਪਣੇ ਪੱਲਿਓਂ ਦੇਣਗੇ।

ਇਸ ਮੌਕੇ ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਪਿੰਡ ਰਾਜਪੁਰਾ ਤੇ ਮੁਨਸ਼ੀਵਾਲਾ ’ਤੇ ਕੀਤੀ ਹੋਈ ਨਾਜਾਇਜ਼ ਬੈਰੀਕੇਟਿੰਗ ਨੂੰ ਤੁਰੰਤ ਹਟਵਾਉਣ ਦੇ ਹੁਕਮ ਦਿੱਤੇ। ਇਸ ਮੌਕੇ ਦਰਸ਼ਨ ਕਾਲਾਝਾੜ ਚੇਅਰਮੈਨ ਬਲਾਕ ਸੰਮਤੀ ਭਵਾਨੀਗੜ੍ਹ, ਪਰਗਟ ਸਿੰਘ ਪ੍ਰਧਾਨ ਟਰੱਕ ਯੂਨੀਅਨ ਤੋਂ ਇਲਾਵਾ ਗਗਨ ਸੋਹੀ, ਬਿਕਰਮਜੀਤ ਨਕਟੇ, ਗੁਰਪ੍ਰੀਤ ਨਦਾਮਪੁਰ ਸਮੇਤ ‘ਆਪ’ ਵਲੰਟੀਅਰ ਹਾਜ਼ਰ ਸਨ।

Add a Comment

Your email address will not be published. Required fields are marked *