ਨਸ਼ੇੜੀ ਨੌਜਵਾਨ ਵੱਲੋਂ ਮਾਤਾ-ਪਿਤਾ, ਭੈਣ ਅਤੇ ਦਾਦੀ ਦੀ ਚਾਕੂ ਮਾਰ ਕੇ ਹੱਤਿਆ

ਨਵੀਂ ਦਿੱਲੀ, 23 ਨਵੰਬਰ– ਦੱਖਣ-ਪੱਛਮੀ ਦਿੱਲੀ ਦੇ ਪਾਲਮ ਵਿਚ ਪੁਨਰਵਾਸ ਕੇਂਦਰ ਤੋਂ ਪਰਤੇ ਨਸ਼ੇ ਦੇ ਆਦੀ ਨੌਜਵਾਨ ਨੇ ਆਪਣੇ ਮਾਤਾ-ਪਿਤਾ, ਭੈਣ ਅਤੇ ਦਾਦੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਬੁੱਧਵਾਰ ਨੂੰ ਦੱਸਿਆ ਕਿ ਕੇਸ਼ਵ ਨੇ ਮੰਗਲਵਾਰ ਰਾਤ ਨੂੰ ਝਗੜੇ ਤੋਂ ਬਾਅਦ ਆਪਣੇ ਪੂਰੇ ਪਰਿਵਾਰ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਕਿਹਾ ਕਿ ਲਾਸ਼ਾਂ ਉਨ੍ਹਾਂ ਦੇ ਘਰ ਦੇ ਵੱਖ-ਵੱਖ ਕਮਰਿਆਂ ਵਿੱਚ ਖੂਨ ਨਾਲ ਲਥਪਥ ਮਿਲੀਆਂ। ਮ੍ਰਿਤਕਾਂ ਦੀ ਪਛਾਣ ਦਾਦੀ ਦੀਵਾਨਾ ਦੇਵੀ (75), ਪਿਤਾ ਦਿਨੇਸ਼ (50), ਮਾਂ ਦਰਸ਼ਨਾ (45) ਤੇ ਭੈਣ ਉਰਵਰਸ਼ੀ (18) ਵਜੋਂ ਹੋਈ ਹੈ। ਪੁਲੀਸ ਮੁਤਾਬਕ ਕੇਸ਼ਵ ਵੱਲੋਂ ਚਾਕੂ ਨਾਲ ਹਮਲਾ ਕੀਤੇ ਜਾਣ ਮੌਕੇ ਉਸ ਦੇ ਪਰਿਵਾਰਕ ਮੈਂਬਰਾਂ ਦੀਆਂ ਚੀਕਾਂ ਉਸੇ ਇਮਾਰਤ ਵਿੱਚ ਰਹਿੰਦੇ ਕੁਝ ਰਿਸ਼ਤੇਦਾਰਾਂ ਤੇ ਗੁਆਂਢੀਆਂ ਨੇ ਸੁਣੀਆਂ ਤੇ ਪੁਲੀਸ ਨੂੰ ਸੂਚਿਤ ਕੀਤਾ।

ਪੁਲੀਸ ਅਧਿਕਾਰੀ ਮੁਤਾਬਕ ਉਨ੍ਹਾਂ ਨੂੰ ਮੰਗਲਵਾਰ ਰਾਤ ਕਰੀਬ 10:30 ਵਜੇ ਇਕ ਘਰ ਦੀ ਉਪਰਲੀ ਮੰਜ਼ਿਲ ’ਤੇ ਝਗੜਾ ਹੋਣ ਦੀ ਸੂਚਨਾ ਮਿਲੀ। ਪੁਲੀਸ ਡਿਪਟੀ ਕਮਿਸ਼ਨਰ (ਦੱਖਣ-ਪੱਛਮੀ) ਮਨੋਜ ਨੇ ਕਿਹਾ ਕਿ ਜਦੋਂ ਪੁਲਿਸ ਟੀਮ ਉੱਥੇ ਪਹੁੰਚੀ ਤਾਂ ਉਸ ਨੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਮ੍ਰਿਤਕ ਪਾਇਆ। ਉਨ੍ਹਾਂ ਦੱਸਿਆ ਕਿ ਫੋਨ ਕਰਨ ਵਾਲੇ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਮੁਲਜ਼ਮ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੇਸ਼ਵ ਕੋਲ ਪੱਕੀ ਨੌਕਰੀ ਨਹੀਂ ਸੀ। ਉਹ ਗੁਰੂਗ੍ਰਾਮ ਵਿੱਚ ਇੱਕ ਕੰਪਨੀ ’ਚ ਕੰਮ ਕਰਦਾ ਸੀ ਅਤੇ ਇੱਕ ਮਹੀਨਾ ਪਹਿਲਾਂ ਨੌਕਰੀ ਛੱਡ ਗਿਆ ਸੀ। ਪੁਲੀਸ ਨੇ ਦੱਸਿਆ ਕਿ ਲੱਗਦਾ ਹੈ ਕਿ ਦੋਸ਼ੀ ਨੇ ਬਹਿਸ ਤੋਂ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਦਾ ਕਤਲ ਕਰ ਦਿੱਤਾ। ਪਾਲਮ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕਰਨ ਮਗਰੋਂ ਅਗਲੇਰੀ ਜਾਂਚ ਵਿੱਢ ਦਿੱਤੀ ਗਈ ਹੈ। ਕੇਸ਼ਵ ਦੇ ਚਚੇਰੇ ਭਰਾ ਨੇ ਕਿਹਾ ਕਿ ਉਹ ਨਸ਼ੇ ਦਾ ਆਦੀ ਸੀ ਅਤੇ ਮੁੜਵਸੇਬਾ ਕੇਂਦਰ ’ਚ ਇਲਾਜ ਅਧੀਨ ਸੀ, ਜਿੱਥੋਂ ਉਸ ਦੀ ਮਾਂ ਉਸ ਨੂੰ ਹਾਲ ਹੀ ਵਿੱਚ ਲੈ ਕੇ ਆਈ ਸੀ।

Add a Comment

Your email address will not be published. Required fields are marked *