ਗੋਆ ਦੇ ਸੈਰ ਸਪਾਟਾ ਵਿਭਾਗ ਨੇ ਯੁਵਰਾਜ ਸਿੰਘ ਨੂੰ ਭੇਜਿਆ ਨੋਟਿਸ

ਪਣਜੀ – ਗੋਆ ਦੇ ਸੈਰ ਸਪਾਟਾ ਵਿਭਾਗ ਨੇ ਕ੍ਰਿਕਟਰ ਯੁਵਰਾਜ ਸਿੰਘ ਨੂੰ ਮੋਰਜਿਮ ਵਿੱਚ ਆਪਣੇ ਵਿਲਾ ਨੂੰ ਬਿਨਾਂ ਰਜਿਸਟ੍ਰੇਸ਼ਨ ਦੇ ‘ਹੋਮ ਸਟੇਅ’ ਵਜੋਂ ਚਲਾਉਣ ਲਈ ਨੋਟਿਸ ਜਾਰੀ ਕਰ ਕੇ 8 ਦਸੰਬਰ ਨੂੰ ਸੁਣਵਾਈ ਲਈ ਤਲਬ ਕੀਤਾ ਹੈ। ਗੋਆ ਟੂਰਿਜ਼ਮ ਬਿਜ਼ਨਸ ਐਕਟ, 1982 ਤਹਿਤ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਸੂਬੇ ਵਿੱਚ ‘ਹੋਮ ਸਟੇਅ’ ਚਲਾਇਆ ਜਾ ਸਕਦਾ ਹੈ। ਰਾਜ ਦੇ ਸੈਰ-ਸਪਾਟਾ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਜੇਸ਼ ਕਾਲੇ ਨੇ 18 ਨਵੰਬਰ ਨੂੰ ਉੱਤਰੀ ਗੋਆ ਦੇ ਮੋਰਜਿਮ ਵਿੱਚ ਸਥਿਤ ਕ੍ਰਿਕਟਰ ਦੀ ਮਲਕੀਅਤ ਵਾਲੇ ਵਿਲਾ ‘ਕਾਸਾ ਸਿੰਘ’ ਦੇ ਪਤੇ ‘ਤੇ ਜਾਰੀ ਕੀਤੇ ਗਏ ਨੋਟਿਸ ਵਿੱਚ ਸਾਬਕਾ ਆਲਰਾਊਂਡਰ ਨੂੰ 8 ਦਸੰਬਰ ਨੂੰ ਸਵੇਰੇ 11 ਵਜੇ ਨਿੱਜੀ ਸੁਣਵਾਈ ਲਈ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ।

ਨੋਟਿਸ ’ਚ 40 ਸਾਲਾ ਕ੍ਰਿਕਟਰ ਤੋਂ ਪੁੱਛਿਆ ਗਿਆ ਹੈ ਕਿ ਸੈਰ-ਸਪਾਟਾ ਵਪਾਰ ਕਾਨੂੰਨ ਤਹਿਤ ਜਾਇਦਾਦ ਨੂੰ ਰਜਿਸਟਰ ਨਾ ਕਰਾਉਣ ਲਈ ਉਨ੍ਹਾਂ ਖ਼ਿਲਾਫ਼ ਸਜ਼ਾ ਯੋਗ ਕਾਰਵਾਈ (ਇਕ ਲੱਖ ਰੁਪਏ ਤੱਕ ਦਾ ਜੁਰਮਾਨਾ) ਕਿਉਂ ਨਹੀਂ ਸ਼ੁਰੂ ਕੀਤੀ ਜਾਣੀ ਚਾਹੀਦੀ। ਨੋਟਿਸ ਵਿੱਚ ਕਿਹਾ ਗਿਆ ਹੈ, “ਅੰਡਰ-ਹਸਤਾਖਰੀਆਂ ਦੇ ਧਿਆਨ ਵਿੱਚ ਆਇਆ ਹੈ ਕਿ ਵਰਚੇਵਾੜਾ, ਮੋਰਜਿਮ, ਪਰਨੇਮ, ਗੋਆ ਵਿੱਚ ਸਥਿਤ ਤੁਹਾਡਾ ਰਿਹਾਇਸ਼ੀ ਕੰਪਲੈਕਸ ਕਥਿਤ ਤੌਰ ‘ਤੇ ਹੋਮ ਸਟੇਅ ਵਜੋਂ ਕੰਮ ਕਰ ਰਿਹਾ ਹੈ ਅਤੇ ‘Airbnb’ ਵਰਗੇ ਆਨਲਾਈਨ ਪਲੇਟਫਾਰਮਾਂ ‘ਤੇ ਇਹ ਬੁਕਿੰਗ ਲਈ ਉਪਲਬਧ ਹੈ।” ਵਿਭਾਗ ਨੇ ਯੁਵਰਾਜ ਦੇ ਇੱਕ ਟਵੀਟ ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਆਪਣੇ ਗੋਆ ਸਥਿਤ ਘਰ ਵਿੱਚ 6 ਲੋਕਾਂ ਦੀ ਮੇਜ਼ਬਾਨੀ ਕਰਨਗੇ ਅਤੇ ਇਸਦੀ ਬੁਕਿੰਗ ਸਿਰਫ਼ ‘Airbnb’ ‘ਤੇ ਹੋਵੇਗੀ।

Add a Comment

Your email address will not be published. Required fields are marked *