ਮਹਿੰਗਾਈ ਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਕੇਜਰੀਵਾਲ ਦਾ ਹੋਇਆ ਜਨਮ : ਰਾਘਵ ਚੱਢਾ

ਗੁਜਰਾਤ ਚੋਣਾਂ ’ਚ ਆਪਣਾ ਜੇਤੂ ਰੱਥ ਲੈ ਕੇ ਅੱਗੇ ਵਧ ਰਹੀ ਆਮ ਆਦਮੀ ਪਾਰਟੀ ਅੱਜ ਗੁਜਰਾਤ ਵਾਸੀਆਂ ਦੀ ਪਹਿਲੀ ਪਸੰਦ ਬਣ ਗਈ ਹੈ। ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਗੁਜਰਾਤ ਸੂਬੇ ਦੇ ਸਹਿ-ਇੰਚਾਰਜ ਰਾਘਵ ਚੱਢਾ ਕਈ ਦਿਨਾਂ ਤੋਂ ਗੁਜਰਾਤ ਦੇ ਵੱਖ-ਵੱਖ ਇਲਾਕਿਆਂ ’ਚ ਵੱਡੀਆਂ ਜਨ-ਸਭਾਵਾਂ ਤੇ ਰੈਲੀਆਂ ਕਰ ਰਹੇ ਹਨ। ਅੱਜ ਰਾਘਵ ਚੱਢਾ ਨੇ ਬਨਾਸਕਾਂਠਾ ਦੇ ਕਾਂਕਰੇਜ ਤੇ ਪਾਟਣ ਵਿਚ ਵੱਡੀਆਂ ਜਨ-ਸਭਾਵਾਂ ਵਿਚ ਹਿੱਸਾ ਲਿਆ। ਇਨ੍ਹਾਂ ਜਨ-ਸਭਾਵਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ। ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ਵਿਚ 15 ਸਾਲਾਂ ਤਕ ਕਾਂਗਰਸ ਪਾਰਟੀ ਸੱਤਾ ’ਚ ਰਹੀ ਹੈ ਪਰ ਦਿੱਲੀ ਵਾਸੀਆਂ ਨੇ ਮਨ ਬਣਾ ਲਿਆ ਅਤੇ ਦਿੱਲੀ ’ਚੋਂ ਮਜ਼ਬੂਤ ​​ਕਾਂਗਰਸ ਪਾਰਟੀ ਨੂੰ ਉਖਾੜ ਸੁੱਟਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ। ਇਸੇ ਤਰ੍ਹਾਂ ਪੰਜਾਬ ’ਚ ਵੀ 50 ਸਾਲ ਸਿਰਫ਼ 2 ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨੇ ਰਾਜ ਕੀਤਾ। ਪੰਜਾਬ ਦੇ ਲੋਕਾਂ ਨੇ ਵੀ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਉਖਾੜ ਸੁੱਟਿਆ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਗੁਜਰਾਤ ਵਿਚ 35 ਸਾਲ ਕਾਂਗਰਸ ਪਾਰਟੀ ਦਾ ਅਤੇ 27 ਸਾਲ ਭਾਜਪਾ ਦਾ ਰਾਜ ਰਿਹਾ ਪਰ ਇਨ੍ਹਾਂ ਸਰਕਾਰਾਂ ਨੇ ਆਮ ਲੋਕਾਂ, ਗਰੀਬਾਂ ਤੇ ਕਿਸਾਨਾਂ ਨੂੰ ਕੁਝ ਨਹੀਂ ਦਿੱਤਾ। ਮੇਰੀ ਬੇਨਤੀ ਹੈ ਕਿ ਗੁਜਰਾਤ ਦੀ ਜਨਤਾ ਸਿਰਫ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਦੇਖੇ।

ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਹੈ ਕਿ 8 ਦਸੰਬਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਗੁਜਰਾਤ ਦੇ ਕਿਸਾਨਾਂ ਨੂੰ ਖੇਤੀ ਲਈ ਬਿਜਲੀ ਤੇ ਭਰਪੂਰ ਪਾਣੀ ਮਿਲੇਗਾ। ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ’ਤੇ ਆਪਣੀ ਫਸਲ ਵੇਚਣ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਗੁਜਰਾਤ ਦੇ ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ। ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦਾ ਮਾਣ ਭੱਤਾ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਕਹਿੰਦੇ ਹਨ ਕਿ ਗੁਜਰਾਤ ਵਿਚ ਡਬਲ ਇੰਜਣ ਦੀ ਸਰਕਾਰ ਲਿਆਓ ਜਦੋਂਕਿ ਇੱਥੇ 2014 ਤੋਂ ਡਬਲ ਇੰਜਣ ਵਾਲੀ ਸਰਕਾਰ ਹੈ। ਗੁਜਰਾਤ ਵਿਚ 2014 ’ਚ ਪੈਟਰੋਲ 60 ਰੁਪਏ ਪ੍ਰਤੀ ਲਿਟਰ ਸੀ, ਹੁਣ 100 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ। ਡੀਜ਼ਲ ਦੀ ਕੀਮਤ 50 ਰੁਪਏ ਪ੍ਰਤੀ ਲਿਟਰ ਸੀ ਅਤੇ ਹੁਣ ਇਹ 90 ਰੁਪਏ ਹੈ। ਐੱਲ.ਪੀ.ਜੀ. ਸਿਲੰਡਰ 500 ਰੁਪਏ ਵਿਚ ਮਿਲਦਾ ਸੀ, ਹੁਣ ਇਹ 1060 ਰੁਪਏ ਵਿਚ ਮਿਲਦਾ ਹੈ। ਪਹਿਲਾਂ ਦੇਸੀ ਘਿਓ ਦਾ ਪੈਕੇਟ 350 ਰੁਪਏ ਵਿਚ ਮਿਲਦਾ ਸੀ ਅਤੇ ਹੁਣ 650 ਰੁਪਏ ਵਿਚ ਮਿਲ ਰਿਹਾ ਹੈ। ਦੁੱਧ 36 ਰੁਪਏ ਪ੍ਰਤੀ ਲਿਟਰ ਸੀ ਅਤੇ ਅੱਜ ਦੁੱਧ 60 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਇਸ ਮਹਿੰਗਾਈ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਹੀ ਅਰਵਿੰਦ ਕੇਜਰੀਵਾਲ ਜੀ ਦਾ ਜਨਮ ਹੋਇਆ ਹੈ। ਕੇਜਰੀਵਾਲ ਜੀ ਤੇ ਆਮ ਆਦਮੀ ਪਾਰਟੀ ਤੁਹਾਨੂੰ ਮਹਿੰਗਾਈ ਤੋਂ ਛੁਟਕਾਰਾ ਦਿਵਾਉਣਗੇ।

Add a Comment

Your email address will not be published. Required fields are marked *