ਦਾਜ ‘ਚ ਨਹੀਂ ਲਿਆਂਦੀ ਕਾਰ, ਲਾਲਚੀ ਸਹੁਰਾ ਪਰਿਵਾਰ ਨੇ ਜ਼ਬਰਦਸਤੀ ਨੂੰਹ ਨੂੰ ਪਿਆਈ ਜ਼ਹਿਰੀਲੀ ਦਵਾਈ

ਖਾਲੜਾ – ਪਿੰਡ ਮਾੜੀ ਉਦੋਕੇ ਵਿਖੇ ਨਵ-ਵਿਆਹੀ ਕੁੜੀ ਵਲੋਂ ਆਪਣੇ ਸਹੁਰੇ ਪਰਿਵਾਰ ’ਤੇ ਉਸ ਨੂੰ ਜ਼ਹਿਰੀਲੀ ਦਵਾਈ ਪਿਆ ਕੇ ਮਾਰਨ ਦੀ ਕੋਸ਼ਿਸ਼ ਦੇ ਗੰਭੀਰ ਦੋਸ਼ ਲਗਾਏ ਹਨ। ਨਿੱਜੀ ਹਸਪਤਾਲ ਖੇਮਕਰਨ ਰੋਡ ਭਿੱਖੀਵਿੰਡ ਵਿਖੇ ਜੇਰੇ ਇਲਾਜ ਦਾਖ਼ਲ ਅਮਨਦੀਪ ਕੌਰ ਨੇ ਦੋਸ਼ ਲਗਾਇਆ ਹੈ ਕਿ ਮੇਰੇ ਸਹੁਰੇ ਪਰਿਵਾਰ ਵਲੋਂ ਲਗਾਤਾਰ ਪਿਛਲੇ ਡੇਢ ਸਾਲ ਤੋਂ ਮੇਰੇ ਪਾਸੋਂ ਵਧੇਰੇ ਦਾਜ ਲਿਆਉਣ ਦੀ ਮੰਗ ਕੀਤੀ ਜਾ ਰਹੀ ਸੀ, ਜਦ ਕਿ ਮੇਰੇ ਮਾਪੇ ਕਾਰ  ਦਾਜ ’ਚ ਦੀ ਸਮਰੱਥਾ ਨਹੀਂ ਰੱਖਦੇ। 

ਪੀੜਤਾ ਨੇ ਕਿਹਾ ਕਿ ਮੇਰੇ ਸਹੁਰੇ ਪਰਿਵਾਰ ਵਲੋਂ ਪਿਛਲੇ ਦਿਨੀਂ ਮੇਰੀ ਕੁੱਟਮਾਰ ਕੀਤੀ ਗਈ ਕਿ ਤੂੰ ਆਪਣੇ ਪੇਕਿਆਂ ਪਾਸੋਂ ਦਾਜ ਲੈ ਕੇ ਆ, ਇਸ ਤੋਂ ਬਾਅਦ ਮੈਂ ਆਪਣੇ ਪੇਕੇ ਪਿੰਡ ਅਮੀਸ਼ਾਹ ਆ ਗਈ ਸੀ, ਜਿੱਥੋਂ ਮੈਨੂੰ 18 ਨਵੰਬਰ ਸ਼ਾਮ ਨੂੰ ਮੋਹਤਬਰ ਵਿਅਕਤੀ ਫ਼ੈਸਲਾ ਕਰਕੇ ਮੇਰੇ ਸਹੁਰੇ ਘਰ ਲੈ ਆਏ। ਇਸ ਤੋਂ ਬਾਅਦ ਮੇਰੇ ਸਹੁਰਾ ਪਰਿਵਾਰ ਨੇ ਫਿਰ ਮੇਰੇ ਪਾਸੋਂ ਦਾਜ ਦੀ ਮੰਗ ਕਰਨੀ ਅਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਮੇਰੇ ਸਹੁਰੇ ਬਲਵਿੰਦਰ ਸਿੰਘ ਨੇ ਕਿਹਾ ਕਿ ਇਸ ਦਾ ਰੋਜ਼-ਰੋਜ਼ ਦਾ ਝਗੜਾ ਮੁਕਾ ਦਈਏ। ਉਸਦੇ ਕਹਿਣ ’ਤੇ ਮੇਰੇ ਦਿਉਰ ਨੇ ਫ਼ਸਲਾਂ ਨੂੰ ਪਾਉਣ ਵਾਲੀ ਜ਼ਹਿਰੀਲੀ ਦਵਾਈ ਮੇਰੇ ਪਤੀ ਸੁਖਦੇਵ ਸਿੰਘ ਨੂੰ ਫੜਾ ਦਿੱਤੀ।

ਪੀੜਤਾ ਨੇ ਅੱਗੇ ਦੱਸਿਆ ਕਿ ਮੇਰੀ ਸੱਸ ਲਖਬੀਰ ਕੌਰ ਅਤੇ ਸਹੁਰੇ ਬਲਵਿੰਦਰ ਸਿੰਘ ਨੇ ਮੈਨੂੰ ਬਾਹਾਂ ਤੋਂ ਫੜ ਲਿਆ ਅਤੇ ਮੇਰੇ ਪਤੀ ਨੇ ਮੇਰੇ ਮੂੰਹ ’ਚ ਜ਼ਹਿਰੀਲੀ ਦਵਾਈ ਪਾ ਦਿੱਤੀ। ਉਸ ਤੋਂ ਬਾਅਦ ਮੈਨੂੰ ਹੁਣ ਹੋਸ਼ ਆਉਣ ’ਤੇ ਪਤਾ ਲੱਗਾ ਹੈ ਕਿ ਮੈਂ ਹਸਪਤਾਲ ਵਿਖੇ ਦਾਖਲ ਹਾਂ। ਇਸ ਸਬੰਧੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਸੀ ਕਿ ਮਰੀਜ਼ ਦੇ ਮਹਿਦੇ ਦੀ ਸਫ਼ਾਈ ਕਰਕੇ ਜ਼ਹਿਰ ਕੱਢ ਦਿੱਤਾ ਗਿਆ ਹੈ ਪਰ ਜ਼ਹਿਰੀਲੀ ਦਵਾਈ ਅੰਦਰ ਜਾਣ ਕਾਰਨ ਇਸਦੇ ਹਾਲਤ 24 ਘੰਟੇ ਤੱਕ ਗੰਭੀਰ ਰਹੇਗੀ।

ਹਸਪਤਾਲ ’ਚ ਇਹ ਗੱਲ ਬੜੀ ਅਜੀਬ ਸੀ ਕਿ ਸਹੁਰਾ ਪਰਿਵਾਰ ਦਾ ਕੋਈ ਵੀ ਵਿਅਕਤੀ ਉੱਥੇ ਮੌਜੂਦ ਨਹੀਂ ਸੀ, ਜਦਕਿ ਕੁੜੀ ਦੇ ਮਾਪਿਆਂ ਦਾ ਕਹਿਣਾ ਸੀ ਕਿ ਸਾਨੂੰ ਵੀ ਇਸ ਘਟਨਾ ਸਬੰਧੀ ਸੂਚਿਤ ਨਹੀਂ ਕੀਤਾ ਗਿਆ।ਕੁੜੀ ਦੇ ਪਿਤਾ ਲਖਵਿੰਦਰ ਸਿੰਘ ਨੇ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਮੇਰੀ ਕੁੜੀ ਦੇ ਸਹੁਰੇ ਪਰਿਵਾਰ ਉੱਪਰ ਸਖ਼ਤ ਕਾਰਵਾਈ ਕਰਕੇ ਸਾਨੂੰ ਇਨਸਾਫ਼ ਦਿਵਾਇਆ ਜਾਵੇ।

ਇਸ ਸਬੰਧੀ ਥਾਣਾ ਖਾਲੜਾ ਦੇ ਐੱਸ.ਐੱਚ.ਓ ਲਖਵਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਅਮਨਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਕੁੜੀ ਦੇ ਪਤੀ ਸੁਖਦੇਵ ਸਿੰਘ, ਦਿਉਰ ਸੁਰਜੀਤ ਸਿੰਘ, ਸਹੂਰਾ ਬਲਵਿੰਦਰ ਸਿੰਘ, ਸੱਸ ਲਖਬੀਰ ਕੌਰ ਵਾਸੀਆਨ ਮਾੜੀ ਉਦੋਕੇ ਦੇ ਖਿਲਾਫ਼ ਧਾਰਾ 328, 34 ਆਈ.ਪੀ.ਸੀ ਅਧੀਨ ਮਾਮਲਾ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

Add a Comment

Your email address will not be published. Required fields are marked *