ਮਜ਼ਬੂਤ ਇਰਾਦਿਆਂ ਅੱਗੇ ਮੁਸ਼ਕਲਾਂ ਨੇ ਟੇਕੇ ਗੋਡੇ, 2 ਬੱਚਿਆਂ ਦੀ ਮਾਂ ਨੇ ਬਣਾਇਆ ਵਰਲਡ ਰਿਕਾਰਡ

ਗੁਹਾਟੀ- ਗੁਜਰਾਤ ਤੋਂ ਇਕੱਲੇ ਸਾਈਕਲ ਚਲਾ ਕੇ 14 ਦਿਨਾਂ ’ਚ ਅਰੁਣਾਚਲ ਪ੍ਰਦੇਸ਼ ਪਹੁੰਚ ਕੇ 45 ਸਾਲਾ ਔਰਤ ਨੇ ਰਿਕਾਰਡ ਬਣਾਇਆ ਹੈ। ਦੋ ਬੱਚਿਆਂ ਦੀ ਮਾਂ ਨੇ ਸਾਈਕਲ ’ਤੇ ਲਗਭਗ 4000 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਇਹ ਸਾਬਤ ਕਰ ਦਿੱਤਾ ਕਿ ਇਰਾਦੇ ਮਜ਼ਬੂਤ ​ਹੋਣ ਤਾਂ ਉਮਰ ਕੋਈ ਮਾਇਨੇ ਨਹੀਂ ਰੱਖਦੀ। ਮੁਹਿੰਮ ਟੀਮ ਦੇ ਮੁਖੀ ਘਨਸ਼ਿਆਮ ਰਘੂਵੰਸ਼ੀ ਨੇ ਦੱਸਿਆ ਕਿ ਪੁਣੇ ਨਿਵਾਸੀ ਪ੍ਰੀਤੀ ਮਸਕੇ ਨੇ 1 ਨਵੰਬਰ ਨੂੰ ਪਾਕਿਸਤਾਨ ਨਾਲ ਲੱਗਦੀ ਪੱਛਮੀ ਸਰਹੱਦ ’ਤੇ ਸਥਿਤ ਕੋਟੇਸ਼ਵਰ ਮੰਦਰ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ, ਜੋ ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਅਸਾਮ ਤੋਂ ਹੋ ਕੇ ਲੰਘੀ।

ਪ੍ਰੀਤੀ ਨੇ ਆਪਣਾ 3,995 ਕਿਲੋਮੀਟਰ ਦੀ ਯਾਤਰਾ 13 ਦਿਨ, 19 ਘੰਟੇ ਅਤੇ 12 ਮਿੰਟ ’ਚ ਪੂਰੀ ਕੀਤੀ ਅਤੇ 14 ਨਵੰਬਰ ਦੀ ਅੱਧੀ ਰਾਤ ਨੂੰ ਅਰੁਣਾਚਲ ਪ੍ਰਦੇਸ਼ ’ਚ ਚੀਨ ਦੀ ਸਰਹੱਦ ਨੇੜੇ ਕਿਬਿਥੂ ਪਹੁੰਚੀ। ਉਸ ਨੇ ਸਿਰਫ 14 ਦਿਨਾਂ ’ਚ ਦੇਸ਼ ’ਚ ਪੱਛਮ ਤੋਂ ਪੂਰਬ ਤੱਕ ਦਾ ਸਫ਼ਰ ਕਰ ਕੇ ਪਹਿਲੀ ਮਹਿਲਾ ਸੋਲੋ ਸਾਈਕਲਿਸਟ ਹੋਣ ਦਾ ਮਾਣ ਹਾਸਲ ਕੀਤਾ ਹੈ। ਪ੍ਰੀਤੀ ਮਸਕੇ ਨੇ ਬੀਮਾਰੀ ਅਤੇ ਡਿਪਰੈਸ਼ਨ ਤੋਂ ਛੁਟਕਾਰਾ ਪਾਉਣ ਲਈ ਪੰਜ ਸਾਲ ਪਹਿਲਾਂ ਸਾਈਕਲ ਚਲਾਉਣਾ ਸ਼ੁਰੂ ਕੀਤਾ ਸੀ।

ਪ੍ਰੀਤੀ ਮੁਤਾਬਕ ਉਸ ਦੇ ਪਿੱਛੇ ਇਕ ਵਾਹਨ ’ਚ 5 ਮੈਂਬਰੀ ਚਾਲਕ ਦਲ ਸੀ। ਉਨ੍ਹਾਂ ਨੂੰ ਰਾਹ ’ਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਵਿਸ਼ੇਸ਼ ਰੂਪ ਨਾਲ ਆਸਾਮ ਅਤੇ ਅਰੁਣਾਚਲ ਪ੍ਰਦੇਸ਼ ’ਚ ਕਈ ਚੁਣੌਤੀਆਂ ਮਿਲੀਆਂ। ਪ੍ਰੀਤੀ ਨੇ ਕਿਹਾ ਕਿ ਬਿਹਾਰ ਦੇ ਦਰਭੰਗਾ ’ਚ ਤੇਜ਼ ਹਵਾ ਚੱਲ ਰਹੀ ਸੀ, ਅਜਿਹੇ ਤੰਗ ਇਲਾਕਿਆਂ ’ਚ ਸਾਈਕਲ ਚਲਾਉਣਾ ਮੁਸ਼ਕਲ ਸੀ। ਇਸ ਤੋਂ ਇਲਾਵਾ ਸ਼ਾਮ ਅਤੇ ਰਾਤ ਦੌਰਾਨ ਅਰੁਣਾਚਲ ’ਚ ਤਾਪਮਾਨ 2-3 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਇਸ ਨਾਲ ਸਵਾਰੀ ਕਰਨਾ ਮੁਸ਼ਕਲ ਹੋ ਗਿਆ ਅਤੇ ਸਾਡੇ ਕੋਲ ਗਰਮ ਕੱਪੜੇ ਵੀ ਨਹੀਂ ਸਨ।

Add a Comment

Your email address will not be published. Required fields are marked *