ਰਾਜੀਵ ਹੱਤਿਆ ਕੇਸ: ਦੋਸ਼ੀਆਂ ਦੀ ਰਿਹਾਈ ਬਾਰੇ ਫੈਸਲੇ ’ਤੇ ਨਜ਼ਰਸਾਨੀ ਦੀ ਮੰਗ ਕਰੇਗੀ ਕਾਂਗਰਸ

ਨਵੀਂ ਦਿੱਲੀ, 21 ਨਵੰਬਰ-: ਕਾਂਗਰਸ ਦੇ ਸੀਨੀਅਰ ਆਗੂ ਤੇ ਵਕੀਲ ਅਭਿਸ਼ੇਕ ਮੰਨੂ ਸਿੰਘਵੀ ਨੇ ਅੱਜ ਕਿਹਾ ਕਿ ਰਾਜੀਵ ਗਾਂਧੀ ਹੱਤਿਆ ਕੇਸ ਵਿਚ ਰਿਹਾਅ ਕੀਤੇ ਗਏ ਦੋਸ਼ੀਆਂ ਦੇ ਮਾਮਲੇ ’ਚ ਪਾਰਟੀ ਫ਼ੈਸਲੇ ’ਤੇ ਨਜ਼ਰਸਾਨੀ ਲਈ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕਰੇਗੀ। ਸਿੰਘਵੀ ਨੇ ਕਿਹਾ, ‘ਅਸੀਂ ਅਜੇ ਨਜ਼ਰਸਾਨੀ ਦੇ ਤੌਰ-ਤਰੀਕੇ ਬਾਰੇ ਫ਼ੈਸਲਾ ਕਰਨਾ ਹੈ- ਕਿ ਕੇਂਦਰ ਸਰਕਾਰ ਦੀ ਨਜ਼ਰਸਾਨੀ ਅਰਜ਼ੀ ’ਚ ਹੀ ਧਿਰ ਬਣਿਆ ਜਾਵੇ ਜਾਂ ਵੱਖਰੇ ਤੌਰ ਉਤੇ ਅਰਜ਼ੀ ਦਿੱਤੀ ਜਾਵੇ।’ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿਧਾਂਤਕ ਤੌਰ ’ਤੇ ਨਜ਼ਰਸਾਨੀ ਲਈ ਅਰਜ਼ੀ ਦਾਇਰ ਕਰਨ ਦਾ ਫ਼ੈਸਲਾ ਕੀਤਾ ਹੈ। ਪਾਰਟੀ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਨਜ਼ਰਸਾਨੀ ਦੀ ਅਰਜ਼ੀ ਅਗਲੇ ਕੁਝ ਦਿਨਾਂ ਵਿਚ ਦਾਖਲ ਕਰ ਦਿੱਤੀ ਜਾਵੇਗੀ। ਕਾਂਗਰਸ ਵੱਲੋਂ ਆਲੋਚਨਾ ਕੀਤੇ ਜਾਣ ’ਤੇ ਕੇਂਦਰ ਸਰਕਾਰ ਨੇ ਪਿਛਲੇ ਹਫ਼ਤੇ ਸੁਪਰੀਮ ਕੋਰਟ ’ਚ ਅਦਾਲਤ ਦੇ ਫ਼ੈਸਲੇ ’ਤੇ ਨਜ਼ਰਸਾਨੀ ਲਈ ਅਰਜ਼ੀ ਦਾਇਰ ਕਰ ਦਿੱਤੀ ਸੀ। ਦੱਸਣਯੋਗ ਹੈ ਕਿ ਦੋਸ਼ੀਆਂ ਨੂੰ ਇਸ ਕੇਸ ਵਿਚ ਅਗਾਊਂ ਰਿਹਾਅ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ 11 ਨਵੰਬਰ ਨੂੰ ਛੇ ਦੋਸ਼ੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਨਲਿਨੀ ਸ੍ਰੀਹਰਨ ਤੇ ਆਰ.ਪੀ. ਰਵੀਚੰਦਰਨ ਸਣੇ ਛੇ ਜਣੇ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਨ ਤੇ ਜੇਲ੍ਹ ਵਿਚੋਂ ਰਿਹਾਅ ਹੋ ਗਏ ਹਨ। ਤਾਮਿਲਨਾਡੂ ਸਰਕਾਰ ਨੇ ਇਨ੍ਹਾਂ ਦੀ ਸਜ਼ਾ ਮੁਆਫ਼ੀ ਦੀ ਸਿਫਾਰਿਸ਼ ਕੀਤੀ ਸੀ। ਕੇਂਦਰ ਨੇ ਨਜ਼ਰਸਾਨੀ ਲਈ ਅਰਜ਼ੀ ਦੇਣ ਵੇਲੇ ਕਿਹਾ ਹੈ ਕਿ ਅਦਾਲਤ ਨੇ ਹੁਕਮ ਦੇਣ ਵੇਲੇ ਸਰਕਾਰ ਦੇ ਪੱਖ ਨੂੰ ਸੁਣਨ ਦਾ ਢੁੱਕਵਾਂ ਮੌਕਾ ਨਹੀਂ ਦਿੱਤਾ। ਸਰਕਾਰ ਨੇ ਕਿਹਾ ਕਿ ਪ੍ਰਕਿਰਿਆ ਦਾ ਪਾਲਣ ਕਰਨ ’ਚ ਕਥਿਤ ਤੌਰ ’ਤੇ ਕੁਝ ਖਾਮੀਆਂ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਸਜ਼ਾ ਮੁਆਫ਼ੀ ਮੰਗ ਰਹੇ ਦੋਸ਼ੀਆਂ ਨੇ ਰਸਮੀ ਤੌਰ ’ਤੇ ਕੇਂਦਰ ਨੂੰ ਧਿਰ ਨਹੀਂ ਬਣਾਇਆ, ਜਿਸ ਕਾਰਨ ਸਰਕਾਰ ਦੀ ਕੇਸ ਵਿਚ ਢੁੱਕਵੀਂ ਸ਼ਮੂਲੀਅਤ ਨਹੀਂ ਹੋ ਸਕੀ।

Add a Comment

Your email address will not be published. Required fields are marked *