ਸਰਕਾਰ ਬਣਨ ’ਤੇ ਦੇਸ਼ ਭਰ ’ਚ ਸਿਹਤ ਬੀਮਾ ਯੋਜਨਾ ਲਾਗੂ ਕਰਾਂਗੇ: ਰਾਹੁਲ

ਵਾਇਨਾਡ, 30 ਨਵੰਬਰ– ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰਾਜਸਥਾਨ ਸਰਕਾਰ ਵੱਲੋਂ ਗਰੀਬਾਂ ਲਈ ਸ਼ੁਰੂ ਕੀਤੀ ਗਈ ਸਿਹਤ ਬੀਮਾ ਯੋਜਨਾ ਦੀ ਸ਼ਲਾਘਾ ਕਰਦਿਆਂ ਅੱਜ ਇੱਥੇ ਕਿਹਾ ਕਿ ਜੇਕਰ 2024 ਦੀਆਂ ਲੋਕ ਸਭਾ ਚੋਣਾਂ ਮਗਰੋਂ ਉਨ੍ਹਾਂ ਦੀ ਪਾਰਟੀ ਕੇਂਦਰ ਦੀ ਸੱਤਾ ਵਿੱਚ ਆਈ ਤਾਂ ਦੇਸ਼ ਭਰ ਵਿੱਚ ਇਹ ਯੋਜਨਾ ਲਾਗੂ ਕੀਤੀ ਜਾਵੇਗੀ। ਰਾਹੁਲ ਨੇ ਸਿਹਤ ਸਹੂਲਤਾਂ ਵਿੱਚ ਨਾਬਰਾਬਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਰਥਿਕ ਪੱਖੋਂ ਮਜ਼ਬੂਤ ਲੋਕ ਵੱਡੇ ਹਸਪਤਾਲਾਂ ਵਿੱਚ ਚੰਗਾ ਇਲਾਜ ਕਰਵਾ ਸਕਦੇ ਹਨ, ਉੱਥੇ ਹੀ ਪੈਸਿਆਂ ਦੀ ਘਾਟ ਕਾਰਨ ਗਰੀਬ ਲੋਕਾਂ ਨੂੰ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਲਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਰਾਹੁਲ ਨੇ ਆਪਣੇ ਸੰਸਦੀ ਹਲਕੇ ਵਾਇਨਾਡ ਦੇ ਸੁਲਤਾਨ ਬਾਠੇਰੀ ਵਿੱਚ ਇੱਕ ਨਿੱਜੀ ਹਸਪਤਾਲ ਦੇ ਨਵੇਂ ਬਲਾਕ ਦਾ ਉਦਘਾਟਨ ਕਰਨ ਮਗਰੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਸਰ ਗਰੀਬ ਲੋਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਵੱਧ ਕਰਦੇ ਹਨ। ਉਨ੍ਹਾਂ ਕੌਮੀ ਪੱਧਰ ’ਤੇ ਸਿਹਤ ਸੰਭਾਲ ਦੇ ਮੁਲਾਂਕਣ ਦੀ ਲੋੜ ’ਤੇ ਜ਼ੋਰ ਦਿੱਤਾ। ਕਾਂਗਰਸ ਨੇਤਾ ਨੇ ਕਿਹਾ, ‘‘ਮੈਂ ਪੂਰੇ ਭਾਰਤ ਵਿੱਚ ਬਹੁਤ ਘੁੰਮਦਾ ਹਾਂ ਅਤੇ ਮੈਂ ਦੇਖਦਾ ਹਾਂ ਕਿ ਮੈਡੀਕਲ ਤਰਾਸਦੀ ਦਾ ਸਭ ਤੋਂ ਵੱਧ ਸ਼ਿਕਾਰ ਗਰੀਬ ਲੋਕ ਹੁੰਦੇ ਹਨ। ਤੁਹਾਡੇ ਕੋਲ ਪੈਸੇ ਹਨ ਤਾਂ ਤੁਸੀਂ ਹਮੇਸ਼ਾ ਚੰਗੇ ਹਸਪਤਾਲ ਵਿੱਚ ਇਲਾਜ ਕਰਵਾ ਸਕਦੇ ਹੋ।’’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਗਰੀਬਾਂ ਨੂੰ ਬੁਨਿਆਦੀ ਗਾਰੰਟੀ ਵਜੋਂ ਸਸਤੀਆਂ ਸਿਹਤ ਸਹੂਲਤਾਂ ਦੇਣ ਨੂੰ ਪਹਿਲ ਦੇਣੀ ਚਾਹੀਦੀ ਹੈ। ਰਾਹੁਲ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਸਾਨੂੰ ਸਿਹਤ ਸੰਭਾਲ ਖੇਤਰ ਬਾਰੇ ਸੋਚਣ ਦੇ ਆਪਣੇ ਤਰੀਕੇ ’ਤੇ ਕੌਮੀ ਪੱਧਰ ਉੱਤੇ ਮੁੜ ਵਿਚਾਰ ਚਰਚਾ ਕਰਨੀ ਪਵੇਗੀ ਅਤੇ ਮੇਰਾ ਮੰਨਣਾ ਹੈ ਕਿ ਦੇਸ਼ ਦੀ ਸਰਕਾਰ ਨੂੰ ਜਿਸ ਇੱਕ ਗਾਰੰਟੀ ਬਾਰੇ ਸੋਚਣਾ ਚਾਹੀਦਾ ਹੈ, ਉਹ ਅਸਲ ਵਿੱਚ ਘੱਟ ਕੀਮਤ ’ਤੇ, ਵਿਸ਼ੇਸ਼ ਤੌਰ ’ਤੇ ਗਰੀਬਾਂ ਨੂੰ ਸਿਹਤ ਸਹੂਲਤਾਂ ਦੇਣ ਬਾਰੇ ਹੋਵੇ।’’ ਕਾਂਗਰਸ ਨੇ ਰਾਜਸਥਾਨ ਵਿੱਚ ਆਪਣੀ ਚਿਰੰਜੀਵੀ ਸਿਹਤ ਬੀਮਾ ਯੋਜਨਾ ਦੀ ਸ਼ਲਾਘਾ ਕਰਦਿਆਂ ਇਸ ਨੂੰ ਪੂਰੇ ਦੇਸ਼ ਲਈ ‘ਮਾਡਲ’ ਦੱਸਿਆ। ਪਾਰਟੀ ਅਨੁਸਾਰ ਇਸ ਤਹਿਤ ਮੈਡੀਕਲ ਕਵਰੇਜ 50 ਲੱਖ ਤੱਕ ਵਧਾਉਣ ਨਾਲ ਗਰੀਬਾਂ ਤੇ ਮੱਧਵਰਗ ਨੂੰ ਲਾਭ ਮਿਲੇਗਾ।

Add a Comment

Your email address will not be published. Required fields are marked *