ਆਦਿਵਾਸੀਆਂ ਦੇ ਸ਼ਕਤੀਕਰਨ ਲਈ ਬਣੇ ਕਾਨੂੰਨ ਕਮਜ਼ੋਰ ਕਰ ਰਹੀ ਹੈ ਮੋਦੀ ਸਰਕਾਰ: ਰਾਹੁਲ

ਬੁਲਢਾਨਾ, 20 ਨਵੰਬਰ– ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਸਾਂਝੇ ਪ੍ਰਗਤੀਸ਼ੀਲ ਗੱਠਜੋੜ (ਯੂੁਪੀਏ) ਵੱਲੋਂ ਆਦਿਵਾਸੀਆਂ (ਕਬਾਇਲੀਆਂ) ਦੇ ਸ਼ਕਤੀਕਰਨ ਲਈ ਬਣਾਏ ਕਾਨੂੰਨਾਂ ਨੂੰ ਕਮਜ਼ੋਰ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਵਾਪਸ ਆਉਣ ਮਗਰੋਂ ਕਾਨੂੰਨਾਂ ਨੂੰ ਫਿਰ ਮਜ਼ਬੂਤ ਬਣਾਏਗੀ।

ਭਾਰਤ ਜੋੜੋ ਯਾਤਰਾ ਦੌਰਾਨ ਮਹਾਰਾਸ਼ਟਰ ਦੇ ਜਲਗਾਓਂ-ਜਮੋੜ ਵਿੱਚ ਆਦਿਵਾਸੀ ਮਹਿਲਾ ਵਰਕਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਆਦਿਵਾਸੀ ਦੇਸ਼ ਦੇ ‘ਪਹਿਲੇ ਮਾਲਕ’ ਹਨ ਅਤੇ ਹੋਰ ਨਾਗਰਿਕਾਂ ਵਾਂਗ ਉਨ੍ਹਾਂ ਦੇ ਬਰਾਬਰ ਅਧਿਕਾਰ ਹਨ।

ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਪੰਚਾਇਤਾਂ (ਅਨੁਸੂਚਿਤ ਇਲਾਕਿਆਂ ਤੱਕ ਵਿਸਤਾਰ) ਬਾਰੇ ਕਾਨੂੰਨ, ਜੰਗਲ ਅਧਿਕਾਰ ਕਾਨੂੰਨ, ਭੂਮੀ ਅਧਿਕਾਰ, ਪੰਚਾਇਤੀ ਰਾਜ ਕਾਨੂੰਨ ਅਤੇ ਸਥਾਨਕ ਇਕਾਈਆਂ ਵਿੱਚ ਔਰਤਾਂ ਲਈ ਰਾਖਵਾਂਕਰਨ ਆਦਿ ਕਾਨੂੰਨਾਂ ਨੂੰ ਕਮਜ਼ੋਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਆਦਿਵਾਸੀਆਂ ਨੂੰ ‘ਵਣਵਾਸੀ’ ਕਹਿੰਦੇ ਹਨ ਜਦਕਿ ‘ਆਦਿਵਾਸੀ’ ਅਤੇ ‘ਵਣਵਾਸੀ’ ਸ਼ਬਦਾਂ ਦੇ ਅਰਥ ਵੱਖੋ-ਵੱਖਰੇ ਹਨ। ਰਾਹੁਲ ਮੁਤਾਬਕ, ‘‘ਵਣਵਾਸੀ ਦਾ ਅਰਥ ਹੈ ਕਿ ਤੁਸੀਂ ਸਿਰਫ ਜੰਗਲਾਂ ਵਿੱਚ ਰਹਿ ਸਕਦੇ ਹੋ, ਸ਼ਹਿਰਾਂ ਵਿੱਚ ਨਹੀਂ। ਤੁਸੀਂ ਡਾਕਟਰ ਅਤੇ ਇੰਜਨੀਅਰ ਨਹੀਂ ਬਣ ਸਕਦੇ ਅਤੇ ਜਹਾਜ਼ ਵਿੱਚ ਸਫਰ ਨਹੀਂ ਕਰ ਸਕਦੇ।’’ ਕਾਂਗਰਸੀ ਨੇਤਾ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਆਦਿਵਾਸੀਆਂ ਦੀ ਜ਼ਮੀਨ ਲੈ ਕੇ ਆਪਣੇ ਉਦਯੋਗਪਤੀ ਮਿੱਤਰਾਂ ਨੂੰ ਦੇਣਾ ਚਾਹੁੰਦੇ ਹਨ। ਰਾਹੁਲ ਨੇ ਕਿਹਾ, ‘‘ਜਦੋਂ ਅਸੀਂ ਸੱਤਾ ਵਿੱਚ ਆਵਾਂਗੇ, ਅਸੀਂ ਇਨ੍ਹਾਂ ਕਾਨੂੰਨਾਂ ਨੂੰ ਮਜ਼ਬੂਤ ਕਰਾਂਗੇ ਅਤੇ ਤੁਹਾਡੀ ਭਲਾਈ ਲਈ ਨਵੇਂ ਕਾਨੂੰਨ ਬਣਾਵਾਂਗੇ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਕਹਿੰਦੇ ਹੁੰਦੇ ਸਨ ਕਿ ਆਦਿਵਾਸੀ ਦੇਸ਼ ਦੇ ਪਹਿਲੇ ਮਾਲਕ ਸਨ। ਰਾਹੁਲ ਨੇ ਕਿਹਾ, ‘‘ਜੇਕਰ ਤੁਸੀਂ ਆਦਿਵਾਸੀਆਂ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਨਹੀਂ ਸਮਝਦੇ ਤਾਂ ਤੁਸੀਂ ਦੇਸ਼ ਨੂੰ ਨਹੀਂ ਸਮਝ ਸਕਦੇ।’’

Add a Comment

Your email address will not be published. Required fields are marked *