ਪੰਜਾਬ ਦੀ ਧੀ ਪਰਮਜੀਤ ਕੌਰ ਦੀ ਇਟਲੀ ‘ਚ ਵੱਡੀ ਪ੍ਰਾਪਤੀ

ਮਿਲਾਨ/ਇਟਲੀ – ਰੂਪਨਗਰ ਦੇ ਪਿੰਡ ਖਾਨਪੁਰ (ਚਮਕੌਰ ਸਾਹਿਬ) ਦੀ ਹੋਣਹਾਰ ਧੀ ਪਰਮਜੀਤ ਕੌਰ ਨੇ ਇਟਲੀ ਦੇ ਸ਼ਹਿਰ ਬ੍ਰੇਸ਼ੀਆ ਦੀ ਯੂਨੀਵਰਸਿਟੀ ਤੋਂ ਮੈਡੀਕਲ ਸਿੱਖਿਆ ਵਿਚ 110 ਵਿਚੋਂ 110 ਅੰਕ ਪ੍ਰਾਪਤ ਕਰਕੇ ਡਾਕਟਰ ਬਣਕੇ ਪੂਰੇ ਦੇਸ਼ ਵਾਸੀਆਂ ਦਾ ਮਾਣ ਹੀ ਨਹੀਂ ਵਧਾਇਆ, ਸਗੋਂ ਇਟਲੀ ਵਿਚ ਵੱਸਦੇ ਸਮੁੱਚੇ ਭਾਰਤੀਆਂ ਦਾ ਸਿਰ ਵੀ ਮਾਣ ਨਾਲ ਉੱਚਾ ਕਰ ਦਿੱਤਾ ਹੈ। ਪਰਮਜੀਤ ਕੌਰ ਨੇ ਮੈਡੀਕਲ ਸਿੱਖਿਆ ਵਿਚ ਆਪਣੇ ਨਾਲ ਪੜ੍ਹਨ ਵਾਲੇ ਦੂਜੇ ਵਿਦਿਆਰਥੀਆਂ ਤੋਂ ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਜਿਸ ਤਰ੍ਹਾਂ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਦੇ ਮਿਹਨਤਕਸ਼ ਲੋਕਾਂ ਨੇ ਵਿਦੇਸ਼ਾਂ ਵਿੱਚ ਮਿਹਨਤੀ ਅਤੇ ਇਮਾਨਦਾਰ ਹੋਣ ਦਾ ਮਾਣ ਪ੍ਰਾਪਤ ਕੀਤਾ ਸੀ, ਠੀਕ ਉਨ੍ਹਾਂ ਰਾਹਾਂ ‘ਤੇ ਚੱਲਦੇ ਭਾਰਤੀ ਵਿਦਿਆਰਥੀ ਵੱਡੀਆਂ ਮੱਲਾ ਮਾਰ ਕੇ ਉੱਚ ਅਹੁੱਦਿਆਂ ‘ਤੇ ਬਿਰਾਜਮਾਨ ਹੋ ਰਹੇ ਨੇ। 

ਪਰਮਜੀਤ ਨੇ ਆਪਣੀ ਕਾਮਯਾਬੀ ‘ਤੇ ਪ੍ਰੈਸ ਨਾਲ ਗੱਲ ਕਰਦਿਆਂ ਆਖਿਆ ਕਿ ਉਹ ਆਪਣੇ ਪਿਤਾ ਗੁਰਮੀਤ ਸਿੰਘ ਅਤੇ ਮਾਤਾ ਰਮਨਦੀਪ ਸਿੰਘ ਨਾਲ ਪਿਛਲੇ ਕਈ ਸਾਲਾਂ ਤੋਂ ਇਟਲੀ ਦੇ ਕੇਰਮੋਨਾ ਇਲਾਕੇ ਵਿੱਚ ਰਹਿ ਰਹੀ ਹੈ ਅਤੇ ਉਸ ਨੇ ਆਪਣੀ ਮੁਢੱਲੀ ਪੜ੍ਹਾਈ ਵੀ ਇਸੇ ਸ਼ਹਿਰ ਤੋਂ ਕੀਤੀ ਹੈ। ਉਸ ਦੇ ਪਰਿਵਾਰ ਨੇ ਹਮੇਸ਼ਾ ਮਿਹਨਤ ਕਰਨ ਦੀ ਹੱਲ੍ਹਾਸ਼ੇਰੀ ਦਿੱਤੀ ਹੈ, ਜਿਸ ਸਦਕੇ ਉਸ ਨੂੰ ਡਾਕਟਰ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪਰਮਜੀਤ ਦੀ ਇਸ ਕਾਮਯਾਬੀ ‘ਤੇ ਉਸਦੇ ਪਰਿਵਾਰ ਅਤੇ ਨਜ਼ਦੀਕੀਆਂ ਵਿੱਚ ਖੁਸ਼ੀ ਦੀ ਲਹਿਰ ਵੇਖੀ ਜਾ ਸਕਦੀ ਹੈ।

Add a Comment

Your email address will not be published. Required fields are marked *