ਸਾਵਰਕਰ ਖ਼ਿਲਾਫ਼ ਟਿੱਪਣੀ ਦੇ ਮਾਮਲੇ ਵਿੱਚ ਰਾਹੁਲ ਖ਼ਿਲਾਫ਼ ਮਾਣਹਾਨੀ ਕੇਸ

ਠਾਣੇ, 18 ਨਵੰਬਰ– ਮਹਾਰਾਸ਼ਟਰ ’ਚ ਪੁਲੀਸ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਦੇ ਕੇਸ ਦਰਜ ਕੀਤੇ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੇ ਸ਼ਿਵ ਸੈਨਾ ਧੜੇ ਦੀ ਆਗੂ ਵੰਦਨਾ ਡੋਂਗਰੇ ਅਤੇ ਸਾਵਰਕਰ ਦੇ ਰਿਸ਼ਤੇਦਾਰ ਰਣਜੀਤ ਸਾਵਰਕਰ ਨੇ ਆਪਣੀਆਂ ਸ਼ਿਕਾਇਤਾਂ ’ਚ ਕਿਹਾ ਹੈ ਕਿ ਕਾਂਗਰਸ ਆਗੂ ਨੇ ਆਜ਼ਾਦੀ ਘੁਲਾਟੀਏ ਖ਼ਿਲਾਫ਼ ਇਤਰਾਜ਼ਯੋਗ ਅਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ। ਵੰਦਨਾ ਨੇ ਠਾਣੇ ਨਗਰ ਅਤੇ ਰਣਜੀਤ ਨੇ ਮੁੰਬਈ ਦੇ ਸ਼ਿਵਾਜੀ ਪਾਰਕ ਪੁਲੀਸ ਸਟੇਸ਼ਨ ’ਚ ਸ਼ਿਕਾਇਤਾਂ ਦਿੱਤੀਆਂ ਹਨ। ਰਾਹੁਲ ਖ਼ਿਲਾਫ਼ ਪਹਿਲਾਂ ਹੀ ਠਾਣੇ ਜ਼ਿਲ੍ਹੇ ’ਚ ਇਕ ਹੋਰ ਮਾਣਹਾਨੀ ਦਾ ਕੇਸ ਚੱਲ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤਾਂ ਮੁਤਾਬਕ ਰਾਹੁਲ ਗਾਂਧੀ ਨੇ ਸਾਵਰਕਰ ਖ਼ਿਲਾਫ਼ ਅਪਮਾਨਜਨਕ ਬਿਆਨ ਦੇ ਕੇ ਨਾਗਰਿਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਸਾਵਰਕਰ ਨੇ ਬ੍ਰਿਟਿਸ਼ ਸ਼ਾਸਕਾਂ ਦੀ ਸਹਾਇਤਾ ਕੀਤੀ ਸੀ ਅਤੇ ਉਨ੍ਹਾਂ ਤੋਂ ਡਰ ਕੇ ਮੁਆਫ਼ੀ ਵੀ ਮੰਗੀ ਸੀ। ਭਾਜਪਾ ਅਤੇ ਬਾਲਾਸਾਹਿਬਆਂਚੀ ਸ਼ਿਵ ਸੈਨਾ (ਸ਼ਿੰਦੇ ਧੜਾ) ਦੇ ਵਰਕਰਾਂ ਵੱਲੋਂ ਰਾਹੁਲ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਂਜ ਊਧਵ ਠਾਕਰੇ ਦੇ ਧੜੇ ਨੇ ਵੀ ਸਾਵਰਕਰ ਖ਼ਿਲਾਫ਼ ਕਾਂਗਰਸ ਆਗੂ ਵੱਲੋਂ ਦਿੱਤੇ ਗਏ ਬਿਆਨ ਨੂੰ ਖਾਰਜ ਕਰ ਦਿੱਤਾ ਹੈ।

Add a Comment

Your email address will not be published. Required fields are marked *