ਕਾਂਗਰਸ ਦੇ ਨਿਸ਼ਾਨੇ ’ਤੇ ਆਈ ਬੋਮਈ ਸਰਕਾਰ

ਬੰਗਲੂਰੂ, 17 ਨਵੰਬਰ-: ਸ਼ਹਿਰ ਵਿੱਚ ਨਿੱਜੀ ਫਰਮ ਵੱਲੋਂ ਕਰਵਾਏ ਵੋਟਰ ਸਰਵੇ ਨਾਲ ਕਰਨਾਟਕ ਵਿੱਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਵਿਰੋਧੀ ਧਿਰ ਕਾਂਗਰਸ ਨੇ ਸਰਵੇਖਣ ਨੂੰ ਕਥਿਤ ਭ੍ਰਿਸ਼ਟ ਚੋਣ ਮਸ਼ਕ ਦੱਸਦਿਆਂ ਮੁੱਖ ਮੰਤਰੀ ਬਸਵਰਾਜ ਬੋਮਈ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਕਾਂਗਰਸ ਨੇ ਮੁੱਖ ਮੰਤਰੀ ਬਸਵਰਾਜ ਬੋਮਈ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਕਿਹਾ ਕਿ ਉਹ ਇਸ ਭ੍ਰਿਸ਼ਟ ਚੋਣ ਮਸ਼ਕ ਲਈ ਸਿੱਧੇ ਤੌਰ ’ਤੇੇ ਜ਼ਿੰਮੇਵਾਰ ਹਨ ਕਿਉਂਕਿ ਨਿੱਜੀ ਫਰਮ ਨੂੰ ਘਰ ਘਰ ਜਾ ਕੇ ਵੋਟਰਾਂ ਬਾਰੇ ਜਾਣਕਾਰੀ ਇਕੱਤਰ ਕਰਨ ਦੀ ਖੁੱਲ੍ਹ ਉਨ੍ਹਾਂ ਖ਼ੁਦ ਦਿੱਤੀ ਸੀ। ਉਧਰ ਬੰਗਲੂਰੂ ਮਹਾਨਗਰ ਪਾਲਿਕਾ ਨੇ ਨੇਮਾਂ ਦੀ ਉਲੰਘਣਾ ਦੇ ਹਵਾਲੇ ਨਾਲ ਸਰਵੇਖਣ ਵਿੱਚ ਸ਼ਾਮਲ ਨਿੱਜੀ ਫਰਮ ‘ਚਿਲੁਮੇ ਐਜੂਕੇਸ਼ਨਲ ਕਲਚਰਲ ਤੇ ਰੂਰਲ ਡਿਵੈਲਪਮੈਂਟ ਟਰੱਸਟ’ ਨੂੰ ਸਰਵੇਖਣ ਲਈ ਦਿੱਤੀ ਮਨਜ਼ੂਰੀ ਰੱਦ ਕਰ ਦਿੱਤੀ।

ਕਾਂਗਰਸ ਦੇ ਜਨਰਲ ਸਕੱਤਰ ਤੇ ਪਾਰਟੀ ਦੇ ਕਰਨਾਟਕ ਮਾਮਲਿਆਂ ਦੇ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਬੀਬੀਐੱਮਪੀ ਨੇ ਅਗਸਤ ਵਿੱਚ ਇਕ ਨਿੱਜੀ ਫ਼ਰਮ ਨੂੰ ‘ਮੁੁਫ਼ਤ ਵਿਚ’ ਘਰ ਘਰ ਜਾ ਕੇ ਵੋਟਰਾਂ ਦਾ ਸਰਵੇਖਣ ਕਰਨ ਦਾ ਕੰਮ ਦਿੱਤਾ ਸੀ। ਸਰਵੇਖਣ ਦੌਰਾਨ ਲੋਕਾਂ ਦੇ ਜੈਂਡਰ (ਲਿੰਗ), ਮਾਂ-ਬੋਲੀ ਦੀ ਸੂਚਨਾ ਦੇ ਨਾਲ ਵੋਟਰ ਆਈਡੀ ਤੇ ਅਧਾਰ ਦੇ ਵੇਰਵੇ ਵੀ ਇਕੱਤਰ ਕੀਤੇ ਜਾਣੇ ਸਨ। ਸੁਰਜੇਵਾਲਾ ਨੇ ਦਾਅਵਾ ਕੀਤਾ, ‘‘ਚਿਲੁਮੇ ਐਜੂਕੇਸ਼ਨਲ ਤੇ ਰੂਰਲ ਡਿਵੈਲਪਮੈਂਟ ਇੰਸਟੀਚਿਊਟ ਨੇ ਵੋਟਰ ਜਾਗਰੂਕਤਾ ਮੁਹਿੰਮ ਚਲਾਉਣ ਬਾਰੇ ਲੋੜੀਂਦੀ ਪ੍ਰਵਾਨਗੀ ਲਈ ਚੋਣ ਕਮਿਸ਼ਨ ਕੋਲ ਅਰਜ਼ੀ ਦਾਖ਼ਲ ਕੀਤੀ। ਪਹਿਲਾਂ, ਮਹਾਦੇਵਾਪੁਰਾ ਅਸੈਂਬਲੀ ਹਲਕੇ ਲਈ ਪ੍ਰਵਾਨਗੀ ਦਿੱਤੀ ਗਈ ਤੇ ਮਗਰੋਂ 20 ਅਗਸਤ 2022 ਨੂੰ ਜਾਰੀ ਸਰਕਾਰੀ ਹੁਕਮਾਂ ਵਿੱਚ ਬੰਗਲੂਰੂ ਦੇ ਸਾਰੇ 28 ਅਸੈਂਬਲੀ ਹਲਕਿਆਂ ਲਈ ਮਨਜ਼ੂਰੀ ਦੇ ਦਿੱਤੀ ਗਈ।’’ ਕਾਂਗਰਸ ਆਗੂ ਨੇ ਕਿਹਾ ਕਿ ਚਿਲੁਮੇ ਅੱਗੇ ਦੋ ਹੋਰ ਇਕਾਈਆਂ ਦੇ ਸਾਂਝੇ ਮਾਲਕਾਂ ਅਤੇ ਨਿਰਦੇਸ਼ਕਾਂ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਚਿਲੁਮੇ ਐਂਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਟਿਡ ਵੀ ਸ਼ਾਮਲ ਹੈ। ਸੁਰਜੇਵਾਲਾ ਨੇ ਕਿਹਾ, ‘‘ਚਿਲੁਮੇ ਐਂਟਰਪ੍ਰਾਈਜ਼ਿਜ਼ ‘ਚੋਣ ਮੈਨੇਜਮੈਂਟ ਕੰਪਨੀ’ ਹੈ ਜੋ ਸਿਆਸੀ ਪਾਰਟੀਆਂ ਲਈ ਈਵੀਐੱਮ ਤਿਆਰੀਆਂ ਦਾ ਕੰਮ ਵੀ ਕਰਦੀ ਹੈ। ਇਹ ਅਸਧਾਰਨ ਗੱਲ ਹੈ। ਮੈਂ ਪਹਿਲਾਂ ਇਹ ਗੱਲ ਨਹੀਂ ਸੁਣੀ।’’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸ ਚੋਣ ਧਾਂਦਲੀ ’ਚ ਸ਼ਾਮਲ ਸਨ, ਲਿਹਾਜ਼ਾ ਬਸਵਰਾਜ ਬੋਮਈ ਖਿਲਾਫ਼ ਐੱਫਆਈਆਰ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਫਰਮ ਨੇ ਸੈਂਕੜੇ ਬੂਥ ਪੱਧਰ ਦੇ ਅਧਿਕਾਰੀ (ਬੀਐੱਲਓ) ਨਿਯੁਕਤ ਕੀਤੇ, ਜਿਨ੍ਹਾਂ ਦੀ ਨਿਯੁਕਤੀ, ਤਕਨੀਕੀ ਤੌਰ ’ਤੇ ਸਰਕਾਰ ਵੱਲੋਂ ਕੀਤੀ ਜਾਣੀ ਚਾਹੀਦੀ ਸੀ। ਇਹੀ ਨਹੀਂ ਇਨ੍ਹਾਂ ਬੀਐੱਲਓ’ਜ਼ ਨੂੰ ਜਿਹੜੇ ਸ਼ਨਾਖਤੀ ਕਾਰਡ ਦਿੱਤੇ ਗਏ, ਉਹ ਸਰਕਾਰੀ ਮੁਲਾਜ਼ਮਾਂ ਨੂੰ ਮਿਲਦੇ ਕਾਰਡਾਂ ਨਾਲ ਮੇਲ ਖਾਂਦੇ ਸਨ। ਉਨ੍ਹਾਂ ਕਿਹਾ ਕਿ ਇਹ ਸਿੱਧੇ ਸਿੱਧੇ ਚੋਰੀ, ਨਿੱਜਤਾ ’ਚ ਸੰਨ੍ਹ ਤੇ ਭੋਲੇਭਾਲੇ ਵੋਟਰਾਂ ਨਾਲ ਧੋਖਾਧੜੀ ਦਾ ਮਾਮਲਾ ਹੈ।

ਇਸ ਦੌਰਾਨ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿਧਾਰਮੱਈਆ ਨੇ ਪੂਰੇ ਮਾਮਲੇ ਦੀ ਕਰਨਾਟਕ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ’ਚ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।

Add a Comment

Your email address will not be published. Required fields are marked *