ਕੇਂਦਰ ਦੀਆਂ ਨੀਤੀਆਂ ਨੇ ਆਰਥਿਕਤਾ ਤਬਾਹ ਕੀਤੀ, ਕਿਸਾਨਾਂ ਦਾ ਲੱਕ ਤੋੜਿਆ: ਰਾਹੁਲ

ਵਾਸ਼ਿਮ, 16 ਨਵੰਬਰ-: ਮਹਾਰਾਸ਼ਟਰ ਵਿਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਨੇ ਦਸ ਦਿਨ ਪੂਰੇ ਕਰ ਲਏ ਹਨ। ਰਾਹੁਲ ਗਾਂਧੀ ਦੀ ਅਗਵਾਈ ਵਿਚ ਯਾਤਰਾ ਵਿਦਰਭ ਖੇਤਰ ਦੇ ਵਾਸ਼ਿਮ ਜ਼ਿਲ੍ਹੇ ’ਚੋਂ ਗੁਜ਼ਰ ਰਹੀ ਹੈ। ਰਾਹੁਲ ਨੇ ਅੱਜ ਕੇਂਦਰ ਤੇ ਭਾਜਪਾ ਉਤੇ ਹੱਲਾ ਬੋਲਦਿਆਂ ਕਿਹਾ ਕਿ ਇਨ੍ਹਾਂ ਦੀਆਂ ਨੀਤੀਆਂ ਨੇ ਭਾਰਤ ਦੀ ਆਰਥਿਕਤਾ ਤਬਾਹ ਕਰ ਦਿੱਤੀ ਹੈ ਤੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਛੋਟੇ ਤੇ ਦਰਮਿਆਨੇ ਉਦਯੋਗ ਜ਼ਿਆਦਾ ਰੁਜ਼ਗਾਰ ਪੈਦਾ ਕਰਦੇ ਹਨ, ਪਰ ਨੋਟਬੰਦੀ ਤੇ ਜੀਐੱਸਟੀ ਨਾਲ ਇਨ੍ਹਾਂ ਨੂੰ ਸਭ ਤੋਂ ਵੱਧ ਮਾਰ ਪਈ ਹੈ। ਰਾਹੁਲ ਨੇ ਇਸ ਮੌਕੇ ਖੇਤੀ ਕਾਨੂੰਨਾਂ ਦਾ ਵੀ ਜ਼ਿਕਰ ਕੀਤਾ। ਰਾਹੁਲ ਨਾਲ ਪੈਦਲ ਚੱਲ ਰਹੇ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ਮਹਾਰਾਸ਼ਟਰ ਵਿਚ ਵੀ ਸੜਕਾਂ ਬਿਹਾਰ ਵਰਗੀਆਂ ਹੀ ਖ਼ਸਤਾ ਹਾਲ ਹਨ। ਉਨ੍ਹਾਂ ਸੜਕਾਂ ਦੀ ਹਾਲਤ ਲਈ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ, ‘ਮੋਦੀ ਸਰਕਾਰ ਵਿਚ ਇਕ ਮੰਤਰੀ ਹੈ ਜਿਸ ਕੋਲ ਇਕ ਮਹੱਤਵਪੂਰਨ ਮਹਿਕਮਾ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਸ਼ੇਰ ਸ਼ਾਹ ਸੂਰੀ ਤੋਂ ਬਾਅਦ, ਉਸ ਨੇ ਹੀ ਸਾਰੀਆਂ ਸੜਕਾਂ ਬਣਵਾਈਆਂ ਹਨ। ਉਸ ਦੀ ਪਛਾਣ ਇਕ ਮਾਸਟਰ ਸੜਕ ਨਿਰਮਾਤਾ ਵਜੋਂ ਬਣੀ ਹੋਈ ਹੈ। ਉਹ ਆਪਣੇ ਕੰਮ ਬਾਰੇ ਸਾਰਿਆਂ ਨੂੰ ਦੱਸਦਾ ਹੈ। ਪਰ ਮਰਾਠਵਾੜਾ ਤੇ ਵਿਦਰਭ ਨੂੰ ਕੀ ਹੋ ਗਿਆ ਹੈ?’ ਰਮੇਸ਼ ਨੇ ਕਿਹਾ ਕਿ ਤਾਮਿਲਨਾਡੂ, ਕੇਰਲਾ, ਕਰਨਾਟਕ, ਤਿਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਮੁਕਾਬਲੇ ਮਹਾਰਾਸ਼ਟਰ ਵਿਚ ਸੜਕਾਂ ਦੀ ਹਾਲਤ ਖਰਾਬ ਹੈ। 

ਕਾਂਗਰਸ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਪੈਦਲ ਮਾਰਚ ਦੌਰਾਨ ਮਹਾਰਾਸ਼ਟਰ ਵਿਚੋਂ ਲੰਘਣ ਲੱਗਿਆਂ ਮੁਸ਼ਕਲ ਆ ਰਹੀ ਹੈ। ਰਮੇਸ਼ ਨੇ ਕਿਹਾ ਕਿ ਮਹਾਰਾਸ਼ਟਰ ਨਿਵੇਸ਼ ਵਿਚ ਨੰਬਰ ਇਕ ਹੈ, ਪਰ ਮਹਾਰਾਸ਼ਟਰ ਤੇ ਬਿਹਾਰ ਦੀਆਂ ਸੜਕਾਂ ਵਿਚ ਕੋਈ ਫ਼ਰਕ ਨਹੀਂ ਹੈ। ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਕੇਂਦਰ ਸਰਕਾਰ ਮੁਲਕ ਦੀਆਂ ਵਿੱਤੀ ਮੁਸ਼ਕਲਾਂ ਬਾਰੇ ਮੰਨਣ ਤੋਂ ਇਨਕਾਰੀ ਹੈ। ਸ੍ਰੀਨੇਤ ਨੇ ਕਿਹਾ ਕਿ ਕਾਂਗਰਸ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਪ੍ਰਤੀ ਵਚਨਬੱਧ ਹੈ।

Add a Comment

Your email address will not be published. Required fields are marked *