ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਕੈਦੀ ਦੀ ਪਿੱਠ ‘ਤੇ ਲਿਖਿਆ ਗੈਂਗਸਟਰ

ਫ਼ਿਰੋਜ਼ਪੁਰ, 17 ਅਗਸਤ-ਜੇਲ੍ਹਾਂ ਅੰਦਰ ਬੰਦ ਕੈਦੀਆਂ ਨਾਲ ਜੇਲ੍ਹ ਪ੍ਰਸ਼ਾਸਨ ਵਲੋਂ ਕੀਤੇ ਜਾਂਦੇ ਗੈਰ ਮਨੁੱਖੀ ਵਿਵਹਾਰ ਦੀਆਂ ਅਕਸਰ ਸਾਹਮਣੇ ਆਉਂਦੀਆਂ ਤਸਵੀਰਾਂ ਦੀ ਲੜੀ ਵਿਚ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਬੰਦ ਇਕ ਕੈਦੀ ਦੀ ਪਿੱਠ ‘ਤੇ ਗੈਂਗਸਟਰ ਸ਼ਬਦ ਉੱਕਰਨ ਦੇ ਤਾਜ਼ਾ ਸਾਹਮਣੇ ਆਏ ਮਾਮਲੇ ਨੇ ਇਕ ਵਾਰ ਫਿਰ ਜੇਲ੍ਹ ਪ੍ਰਸ਼ਾਸਨ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ | ਭਾਵੇਂ ਕਿ ਜੇਲ੍ਹ ਪ੍ਰਸ਼ਾਸਨ ਇਸ ਘਟਨਾ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਬਦਨਾਮ ਕਰਨ ਲਈ ਕੈਦੀਆਂ ਦੀ ਆਪਸੀ ਸ਼ਰਾਰਤ ਦੱਸ ਰਿਹਾ ਹੈ ਪਰ ਨਾਲ ਹੀ ਪੀੜਤ ਕੈਦੀ ਦਾ ਇਲਾਜ ਕਰਵਾਉਣਾ ਵੀ ਮੰਨ ਰਿਹਾ ਹੈ | ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਬੰਦ ਕੈਦੀ ਤਰਸੇਮ ਸਿੰਘ ਜਿਸ ਨੂੰ ਅੱਜ ਪੇਸ਼ੀ ਲਈ ਕਪੂਰਥਲਾ ਅਦਾਲਤ ਵਿਚ ਲਿਜਾਇਆ ਗਿਆ ਤਾਂ ਉਕਤ ਕੈਦੀ ਵਲੋਂ ਇਹ ਮਾਮਲਾ ਅਦਾਲਤ ਦੇ ਧਿਆਨ ਵਿਚ ਲਿਆਂਦਾ ਜਿਸ ‘ਤੇ ਅਦਾਲਤ ਵਲੋਂ ਉਕਤ ਕੈਦੀ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ ਗਿਆ ਹੈ | ਉੱਧਰ ਜੇਲ੍ਹ ਪ੍ਰਸ਼ਾਸਨ ‘ਤੇ ਲੱਗੇ ਦੋਸ਼ਾਂ ਨੂੰ ਸਾਜ਼ਿਸ਼ ਕਰਾਰ ਦਿੰਦਿਆਂ ਡੀ.ਆਈ.ਜੀ. (ਜ਼ੇਲ੍ਹਾਂ) ਫ਼ਿਰੋਜ਼ਪੁਰ ਰੇਂਜ ਤੇਜਿੰਦਰ ਸਿੰਘ ਮੋੜ ਨੇ ਮੰਨਿਆ ਕਿ ਬੀਤੀ 10 ਅਗਸਤ ਨੂੰ ਇਸ ਦੇ ਕਿਸੇ ਸਾਥੀ ਕੈਦੀ ਵਲੋਂ ਇਹ ਹਰਕਤ ਕੀਤੀ ਗਈ ਹੈ ਜਦਕਿ ਇਸ ਨਾਲ ਜੇਲ੍ਹ ਅਧਿਕਾਰੀਆਂ ਦਾ ਕੋਈ ਸੰਬੰਧ ਨਹੀਂ ਹੈ | ਉਨ੍ਹਾਂ ਕਿਹਾ ਕਿ ਇਸ ਹਰਕਤ ਸੰਬੰਧੀ ਉਕਤ ਕੈਦੀ ਵਲੋਂ ਆਪਣੀ ਗ਼ਲਤੀ ਮੰਨਦਿਆਂ ਜੇਲ੍ਹ ਅਧਿਕਾਰੀਆਂ ਕੋਲੋਂ ਮੁਆਫ਼ੀ ਵੀ ਮੰਗੀ ਗਈ ਸੀ ਅਤੇ ਜੇਲ੍ਹ ਪ੍ਰਸ਼ਾਸਨ ਵਲੋਂ ਇਸ ਦਾ ਸਥਾਨਕ ਸਿਵਲ ਹਸਪਤਾਲ ਵਿਚੋਂ ਇਲਾਜ ਵੀ ਕਰਵਾਇਆ ਗਿਆ ਸੀ, ਪਰ ਅੱਜ ਇਸ ਨੇ ਫਿਰ ਜੇਲ੍ਹ ਪ੍ਰਸ਼ਾਸਨ ‘ਤੇ ਦੋਸ਼ ਲਗਾ ਦਿੱਤੇ ਹਨ |
ਅਦਾਲਤ ਦੇ ਹੁਕਮ ‘ਤੇ ਹੋਈ ਮੈਡੀਕਲ ਜਾਂਚ
ਕਪੂਰਥਲਾ, (ਅਮਰਜੀਤ ਕੋਮਲ, ਅਮਨਜੋਤ ਸਿੰਘ ਵਾਲੀਆ)-ਫਿਰੋਜ਼ਪੁਰ ਜੇਲ੍ਹ ਵਿਚ ਪਿਛਲੇ ਪੰਜ ਸਾਲਾਂ ਤੋਂ ਬੰਦ ਇਕ ਹਵਾਲਾਤੀ ਤਰਸੇਮ ਸਿੰਘ ਜੋਧਾ ਨੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਰਕੇਸ਼ ਕੁਮਾਰ ਦੀ ਅਦਾਲਤ ‘ਚ ਅੱਜ ਪੇਸ਼ੀ ਭੁਗਤਣ ਮੌਕੇ ਉਸ ਦੀ ਪਿੱਠ ‘ਤੇ ਜੇਲ੍ਹ ਵਿਚਲੇ ਕੁਝ ਮੁਲਾਜ਼ਮਾਂ ਵਲੋਂ ਗੈਂਗਸਟਰ ਲਿਖੇ ਜਾਣ ਦਾ ਮਾਮਲਾ ਧਿਆਨ ਵਿਚ ਲਿਆਂਦਾ ਤਾਂ ਅਦਾਲਤ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਉਸ ਦਾ ਮੈਡੀਕਲ ਕਰਨ ਦਾ ਹੁਕਮ ਦਿੱਤਾ | ਅਦਾਲਤ ਦੇ ਹੁਕਮ ਪਿੱਛੋਂ ਹਵਾਲਾਤੀ ਤਰਸੇਮ ਸਿੰਘ ਜੋਧਾ ਨੂੰ ਪੇਸ਼ੀ ਭੁਗਤਾਉਣ ਲਈ ਕਪੂਰਥਲਾ ਲੈ ਕੇ ਆਈ ਪੁਲਿਸ ਦੀ ਟੀਮ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਈ, ਜਿੱਥੇ ਹਸਪਤਾਲ ਦੇ ਐਸ.ਐਮ.ਓ. ਡਾ: ਸੰਦੀਪ ਧਵਨ ਦੀ ਮੌਜੂਦਗੀ ਵਿਚ ਡਾ: ਅਰਸ਼ਦੀਪ ਸਿੰਘ ਨੇ ਹਵਾਲਾਤੀ ਦੀ ਪਿੱਠ ‘ਤੇ ਗੈਂਗਸਟਰ ਲਿਖੇ ਜਾਣ ਦੀ ਮੈਡੀਕਲ ਜਾਂਚ ਕੀਤੀ | ਡਾ: ਸੰਦੀਪ ਧਵਨ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਸਬੰਧਿਤ ਹਵਾਲਾਤੀ ਦੀ ਪਿੱਠ ‘ਤੇ ਕਿਸੇ ਲੋਹੇ ਦੀ ਗਰਮ ਰਾਡ ਨਾਲ ਗੈਂਗਸਟਰ ਲਿਖਿਆ ਗਿਆ ਹੈ, ਜੋ ਲਗਭਗ ਇਕ ਹਫ਼ਤਾ ਪਹਿਲਾਂ ਦਾ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਰਿਪੋਰਟ ਅਦਾਲਤ ਨੂੰ 18 ਅਗਸਤ ਨੂੰ ਭੇਜ ਦੇਣਗੇ | ਹਵਾਲਾਤੀ ਦੇ ਵਕੀਲ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਜੇਲ੍ਹ ਵਿਚ ਤਰਸੇਮ ਸਿੰਘ ਦੀ ਪਿੱਠ ‘ਤੇ ਗੈਂਗਸਟਰ ਲਿਖਣ ਦੀ ਇਕ ਵੀਡੀਓ ਵੀ ਬਣੀ ਹੈ, ਜੋ ਤਰਸੇਮ ਸਿੰਘ ਨੇ ਆਪਣੇ ਪਿਤਾ ਨੂੰ ਇਸ ਘਟਨਾ ਤੋਂ ਬਾਅਦ ਭੇਜੀ ਸੀ |

Add a Comment

Your email address will not be published. Required fields are marked *