ਭਾਰਤ ਜੋੜੋ ਯਾਤਰਾ ਨੇ ‘ਅਸਲੀ’ ਰਾਹੁਲ ਸਾਰਿਆਂ ਸਾਹਮਣੇ ਲਿਆਂਦਾ: ਜੈਰਾਮ

ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਨੇ ‘ਅਸਲੀ’ ਰਾਹੁਲ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ ਤੇ ਇਸ ਨਾਲ ਕਾਂਗਰਸ ਸੰਸਦ ਮੈਂਬਰ ਬਾਰੇ ਧਾਰਨਾ  ਪੂਰੀ ਤਰ੍ਹਾਂ ਬਦਲ ਗਈ ਹੈ। ਭਾਰਤ   ਜੋੜੋ ਯਾਤਰਾ ਦੇ ਅੱਜ 69ਵੇਂ ਦਿਨ ਵਾਸ਼ਿਮ ਪਹੁੰਚਣ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਮੇਸ਼ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਵਿਚ ਹੋ ਰਹੇ ਦੇਸ਼ ਵਿਆਪੀ ਪੈਦਲ ਮਾਰਚ ਦਾ ਕਿਸੇ ਰਾਜ ਦੀਆਂ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਤੇ ਜੇ ਇਸ ਦੇ ਅਸਰਾਂ ਦਾ ਮੁਲਾਂਕਣ ਕਰਨਾ ਪਿਆ, ਤਾਂ ਇਹ 2024 ਦੀਆਂ ਲੋਕ ਸਭਾ ਚੋਣਾਂ ਵਿਚ ਹੀ ਕੀਤਾ ਜਾ ਸਕਦਾ ਹੈ। 

ਕਾਂਗਰਸ ਜਨਰਲ ਸਕੱਤਰ (ਇੰਚਾਰਜ-ਸੰਚਾਰ) ਰਮੇਸ਼ ਨੇ ਕਿਹਾ ਕਿ ਰਾਹੁਲ ਗਾਂਧੀ ਕੋਈ ‘ਡੈਟੋਲ ਜਾਂ ਫੈਵੀਕੋਲ ਬਰਾਂਡ’ ਨਹੀਂ ਹਨ ਕਿ ਉਨ੍ਹਾਂ ਦੇ ਬਰਾਂਡ ਨੂੰ ਨਵਿਆਉਣਾ ਪਵੇ ਤੇ ਲੋਕ ਸਭਾ ਮੈਂਬਰ ਦੇ ਅਹਿਮ ਮੁੱਦਿਆਂ ਉਤੇ ਆਪਣੇ ਵਿਚਾਰ ਹਨ। ਜੈਰਾਮ ਨੇ ਕਿਹਾ ਕਿ ਯਾਤਰਾ ਤੋਂ ਪਹਿਲਾਂ ਭਾਜਪਾ ਨੇ ਰਾਹੁਲ ਬਾਰੇ ਇਕ ਖਾਸ ਕਿਸਮ ਦੀ ਧਾਰਨਾ ਬਣਾ ਦਿੱਤੀ ਸੀ, ਵਿਸ਼ੇਸ਼ ਤੌਰ ’ਤੇ ਸੋਸ਼ਲ ਮੀਡੀਆ ਉਤੇ, ਇਸ ਨੇ ਕਦੇ ਸਹੀ ਰਾਹੁਲ ਗਾਂਧੀ ਨਹੀਂ ਦਿਖਾਇਆ। ਭਾਰਤ ਜੋੜੋ ਯਾਤਰਾ ਨਵਾਂ ਰਾਹੁਲ ਗਾਂਧੀ ਨਹੀਂ ਬਲਕਿ ਅਸਲੀ ਰਾਹੁਲ ਗਾਂਧੀ  ਦਿਖਾ ਰਹੀ ਹੈ।’ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਅੱਜ ਮੀਡੀਆ ਜਾਂ ਸੋਸ਼ਲ ਮੀਡੀਆ ’ਤੇ ਜੋ ਰਾਹੁਲ ਗਾਂਧੀ ਹੈ, ਇਹ ਉਹ ਨਹੀਂ ਹੈ ਜੋ 70 ਦਿਨ ਪਹਿਲਾਂ ਸੀ।’ ਰਮੇਸ਼ ਨੇ ਕਿਹਾ ਕਿ 3570 ਕਿਲੋਮੀਟਰ ਲੰਮੀ ਇਸ ਯਾਤਰਾ ਦਾ ਫਾਇਦਾ ਇਹ ਹੈ ਕਿ ਰਾਹੁਲ ਦਾ ਲੋਕਾਂ ਨਾਲ ਸਿੱਧਾ ਰਾਬਤਾ ਹੋ ਰਿਹਾ ਹੈ। ਇਸ ਦਾ ਅਸਰ ਇਹ ਹੈ ਕਿ ਹੁਣ ‘ਅਸਲੀ’ ਰਾਹੁਲ ਗਾਂਧੀ ਸਾਰਿਆਂ ਦੇ ਸਾਹਮਣੇ ਹੈ। ਰਮੇਸ਼ ਨੇ ਕਿਹਾ ਕਿ ਯਾਤਰਾ ਦਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਹ ਵੱਖਰਾ ਉੱਦਮ ਹੈ। ਉਨ੍ਹਾਂ ਕਿਹਾ, ‘ਇਹ ਇਕ ਸਿਆਸੀ ਪਾਰਟੀ ਦੀ ਯਾਤਰਾ ਹੈ ਤੇ ਅਸੀਂ ਆਰਥਿਕ ਨਾ-ਬਰਾਬਰੀ, ਧਰੁਵੀਕਰਨ ਜਿਹੀਆਂ ਰਾਜਨੀਤਕ ਚੁਣੌਤੀਆਂ ਨਾਲ ਲੜ ਰਹੇ ਹਾਂ।’ 

ਉਨ੍ਹਾਂ ਕਿਹਾ ਕਿ ਪਿਛਲੇ 70 ਦਿਨਾਂ ਵਿਚ ਇਕ ਗੱਲ ਸਪੱਸ਼ਟ ਨਜ਼ਰ ਆਈ ਹੈ ਕਿ ਕਿਵੇਂ ਕਾਂਗਰਸ ਪਾਰਟੀ ਇਕ ਹੋ ਗਈ ਹੈ। ਰਮੇਸ਼ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਨਾਂਦੇੜ ਤੋਂ ਲੈ ਕੇ ਵਾਸ਼ਿਮ ਤੱਕ ਕਾਂਗਰਸ ਸੇਵਾ ਦਲ ਦੇ ਵਰਕਰ ਲੋਕਾਂ ਦੇ ਘਰਾਂ ਤੱਕ ਜਾ ਕੇ ਪਾਰਟੀ ਦਾ ਸੁਨੇਹਾ ਦੇ ਰਹੇ ਹਨ। ਰਮੇਸ਼ ਨੇ ਇਸ ਮੌਕੇ ਕੇਂਦਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜੰਗਲਾਤ ਹੱਕਾਂ ਬਾਰੇ ਐਕਟ ਤੇ ਜ਼ਮੀਨ ਗ੍ਰਹਿਣ ਐਕਟ ਨੂੰ ਕਮਜ਼ੋਰ ਕੀਤਾ ਗਿਆ ਹੈ ਜੋ ਕਿ ਆਦਿਵਾਸੀ ਵਰਗ ਲਈ ਨੁਕਸਾਨਦੇਹ ਹੈ। ਰਮੇਸ਼ ਨੇ ਕਿਹਾ ਕਿ ਮੋਦੀ ਸਰਕਾਰ ਦੀ ਨੀਤੀ ਕਿਸਾਨਾਂ ਦੀ ਜ਼ਮੀਨ ਜਬਰੀ ਹਥਿਆ ਕੇ ਵੱਡੀਆਂ ਕੰਪਨੀਆਂ ਨੂੰ ਦੇਣਾ ਹੈ। 

Add a Comment

Your email address will not be published. Required fields are marked *