IPL 2023 : ਦਿੱਲੀ ਨੇ ਖ਼ਰੀਦਿਆ ਸੀ ਕਰੋੜਾਂ ‘ਚ, ਹੁਣ ਇਸ ਟੀਮ ਨਾਲ ਜੁੜੇ ਸ਼ਾਰਦੁਲ ਠਾਕੁਰ

ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਮੌਜੂਦਾ ਆਈਪੀਐੱਲ ਟ੍ਰੇਡਿੰਗ ਵਿੰਡੋ ਤਹਿਤ ਆਪਣੀ ਟੀਮ ਵਿੱਚ ਇੱਕ ਹੋਰ ਵੱਡਾ ਖਿਡਾਰੀ ਸ਼ਾਮਲ ਕੀਤਾ ਹੈ। ਆਲਰਾਉਂਡਰ ਸ਼ਾਰਦੁਲ ਠਾਕੁਰ ਦਿੱਲੀ ਕੈਪੀਟਲਜ਼ ਨੂੰ ਛੱਡ ਕੇ ਕੋਲਕਾਤਾ ਨਾਈਟ ਰਾਈਡਰਜ਼ ਨਾਲ ਇੱਕ ਆਲ-ਕੈਸ਼ ਡੀਲ ਵਿੱਚ ਸ਼ਾਮਲ ਹੋ ਗਏ ਹਨ।

ਇਸ ਤੋਂ ਪਹਿਲਾਂ ਪਿਛਲੇ ਸੀਜ਼ਨ ‘ਚ ਦਿੱਲੀ ਕੈਪੀਟਲਸ ਨੇ ਉਸ ਨੂੰ 10.75 ਕਰੋੜ ਰੁਪਏ ‘ਚ ਖਰੀਦਿਆ ਸੀ। ਇੱਕ ਰਿਪੋਰਟ ਦੇ ਅਨੁਸਾਰ, ਠਾਕੁਰ ਆਪਣੀ ਸਾਬਕਾ ਆਈਪੀਐਲ ਫਰੈਂਚਾਈਜ਼ੀ ਚੇਨਈ ਸੁਪਰ ਕਿੰਗਜ਼, ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਅਤੇ ਪੰਜਾਬ ਕਿੰਗਜ਼ ਦੇ ਵੀ ਰਾਡਾਰ ‘ਤੇ ਸਨ। ਇਸ ਤਰ੍ਹਾਂ ਕੇਕੇਆਰ ਛੇਵੀਂ ਵੱਖਰੀ ਆਈਪੀਐਲ ਫਰੈਂਚਾਇਜ਼ੀ ਬਣ ਗਈ ਹੈ ਜਿਸ ਦਾ ਤੇਜ਼ ਗੇਂਦਬਾਜ਼ ਆਲਰਾਊਂਡਰ ਹਿੱਸਾ ਹੋਵੇਗਾ। ਡੀਸੀ ਤੋਂ ਇਲਾਵਾ, ਠਾਕੁਰ ਨੇ ਸੀਐਸਕੇ, ਪੀਬੀਕੇਐਸ, ਮੁੰਬਈ ਇੰਡੀਅਨਜ਼ ਅਤੇ ਹੁਣ ਬੰਦ ਹੋ ਚੁੱਕੀ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦੀ ਨੁਮਾਇੰਦਗੀ ਕੀਤੀ ਹੈ।

ਠਾਕੁਰ ਨੇ ਡੀਸੀ ਲਈ ਪਿਛਲੇ ਸੀਜ਼ਨ ਵਿੱਚ 14 ਮੈਚਾਂ ਵਿੱਚ 15 ਵਿਕਟਾਂ ਲਈਆਂ ਸਨ, ਜਦਕਿ ਬੱਲੇ ਨਾਲ, ਉਨ੍ਹਾਂ ਨੇ 138 ਦੇ ਸਟ੍ਰਾਈਕ ਰੇਟ ਨਾਲ 120 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਉਹ ਤੀਜੇ ਖਿਡਾਰੀ ਬਣ ਗਏ ਜਿਸ ਨੂੰ ਕੇਕੇਆਰ ਨੇ ਟ੍ਰੇਡਿੰਗ ਵਿੰਡੋ ਖੁੱਲ੍ਹਣ ਤੋਂ ਬਾਅਦ ਹਾਸਲ ਕੀਤਾ ਹੈ। ਲਾਕੀ ਫਰਗਿਊਸਨ ਅਤੇ ਰਹਿਮਾਨਉੱਲ੍ਹਾ ਗੁਰਬਾਜ਼ ਦੀ ਜੋੜੀ ਇਸ ਤੋਂ ਪਹਿਲਾਂ ਗੁਜਰਾਤ ਟਾਈਟਨਜ਼ ਦੇ ਨਾਲ ਇੱਕ ਕੈਸ਼ ਸੌਦੇ ਤੋਂ ਬਾਅਦ ਫਰੈਂਚਾਇਜ਼ੀ ਵਿੱਚ ਸ਼ਾਮਲ ਹੋਈ ਸੀ।

ਫਰਗਿਊਸਨ ਨੂੰ ਜੀਟੀ ਨੇ 10 ਕਰੋੜ ਰੁਪਏ ਵਿੱਚ ਖਰੀਦਿਆ ਸੀ ਜਦੋਂਕਿ ਗੁਰਬਾਜ਼ ਨੂੰ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੇਸਨ ਰਾਏ ਦੀ ਥਾਂ ਲੈਣ ਲਈ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਫਰਗਿਊਸਨ ਨੇ ਫਰੈਂਚਾਇਜ਼ੀ ਲਈ 13 ਮੈਚਾਂ ਵਿੱਚ 12 ਵਿਕਟਾਂ ਲਈਆਂ, ਗੁਰਬਾਜ਼ ਜੋ ਕਿ ਇੱਕ ਵਿਕਟਕੀਪਰ-ਬੱਲੇਬਾਜ਼ ਹੈ ਉਸ ਨੇ ਇੱਕ ਵੀ ਮੈਚ ਨਹੀਂ ਖੇਡਿਆ।

Add a Comment

Your email address will not be published. Required fields are marked *