ਪਾਕਿਸਤਾਨ ਦੀ ਪੋਲ ਖੋਲ੍ਹਣਗੇ ਗਾਇਕ ਅਦਨਾਨ ਸਾਮੀ, ਪੋਸਟ ਸਾਂਝੀ ਕਰ ਲਿਖਿਆ, ‘‘ਕਈ ਲੋਕ ਹੈਰਾਨ ਰਹਿ ਜਾਣਗੇ’’

ਮੁੰਬਈ– ਗਾਇਕ ਅਦਨਾਨ ਸਾਮੀ ਨੇ ਕੁਝ ਸਾਲ ਪਹਿਲਾਂ ਪਾਕਿਸਤਾਨ ਦੀ ਨਾਗਰਿਕਤਾ ਛੱਡ ਕੇ ਭਾਰਤੀ ਨਾਗਰਿਕਤਾ ਲੈ ਲਈ ਸੀ। ਉਨ੍ਹਾਂ ਦੇ ਪਿਤਾ ਪਾਕਿਸਤਾਨੀ ਹਨ, ਜਦਕਿ ਉਨ੍ਹਾਂ ਦਾ ਜਨਮ ਯੂ. ਕੇ. ’ਚ ਹੋਇਆ। ਹੁਣ ਅਦਨਾਨ ਸਾਮੀ ਨੇ ਉਸ ਸਮੇਂ ਦੇ ਪਾਕਿਸਤਾਨ ਪ੍ਰਸ਼ਾਸਨ ’ਤੇ ਤਿੱਖਾ ਹਮਲਾ ਕੀਤਾ, ਜਦੋਂ ਉਹ ਉਥੇ ਮੌਜੂਦ ਸਨ।

ਉਨ੍ਹਾਂ ਇਕ ਨੋਟ ਸਾਂਝਾ ਕਰਕੇ ਵਾਅਦਾ ਕੀਤਾ ਕਿ ਉਹ ਸੱਚਾਈ ਲੋਕਾਂ ਸਾਹਮਣੇ ਲਿਆਉਣਗੇ ਕਿ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਕਿਸ ਤਰ੍ਹਾਂ ਦਾ ਵਰਤਾਅ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਜੋ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ, ਇਹ ਉਨ੍ਹਾਂ ਬਾਰੇ ਨਹੀਂ ਹੈ। ਉਹ ਵੀ ਉਨ੍ਹਾਂ ਨੂੰ ਉਨਾ ਹੀ ਪਿਆਰ ਕਰਦੇ ਹਨ ਪਰ ਉਥੋਂ ਦੇ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਹੈ।

ਅਦਨਾਨ ਸਾਮੀ ਨੇ ਲਿਖਿਆ, ‘‘ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਹਨ ਕਿ ਮੇਰੇ ਮਨ ’ਚ ਪਾਕਿਸਤਾਨ ਪ੍ਰਤੀ ਇੰਨੀ ਨਫਰਤ ਕਿਉਂ ਹੈ। ਸੱਚਾਈ ਇਹ ਹੈ ਕਿ ਮੇਰੇ ਮਨ ’ਚ ਪਾਕਿਸਤਾਨ ਦੇ ਉਨ੍ਹਾਂ ਲੋਕਾਂ ਪ੍ਰਤੀ ਕੋਈ ਗਲਤ ਭਾਵਨਾ ਨਹੀਂ ਹੈ, ਜਿਨ੍ਹਾਂ ਨੇ ਮੇਰੇ ਨਾਲ ਚੰਗਾ ਵਰਤਾਅ ਕੀਤਾ। ਮੈਂ ਉਨ੍ਹਾਂ ਸਾਰਿਆਂ ਨੂੰ ਪਿਆਰ ਕਰਦਾ ਹਾਂ, ਜੋ ਮੈਨੂੰ ਪਿਆਰ ਕਰਦੇ ਹਨ।’’

ਉਹ ਅੱਗੇ ਕਹਿੰਦੇ ਹਨ, ‘‘ਮੇਰਾ ਮੁੱਖ ਮੁੱਦਾ ਉਥੋਂ ਦੇ ਪ੍ਰਸ਼ਾਸਨ ਨਾਲ ਹੈ, ਜੋ ਲੋਕ ਮੈਨੂੰ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਕਈ ਸਾਲਾਂ ਤੋਂ ਸ਼ਾਸਨ-ਪ੍ਰਸ਼ਾਸਨ ਨੇ ਮੇਰੇ ਨਾਲ ਕੀ ਕੀਤਾ। ਪਾਕਿਸਤਾਨ ਛੱਡਣ ਦੀ ਇਕ ਵੱਡੀ ਵਜ੍ਹਾ ਇਹ ਵੀ ਸੀ। ਇਕ ਦਿਨ, ਜਲਦ ਹੀ, ਮੈਂ ਇਸ ਸੱਚਾਈ ਦਾ ਪਰਦਾਫਾਸ਼ ਕਰਾਂਗਾ ਕਿ ਉਨ੍ਹਾਂ ਨੇ ਮੇਰੇ ਨਾਲ ਕਿਹੋ-ਜਿਹਾ ਵਰਤਾਅ ਕੀਤਾ, ਜਿਸ ਨੂੰ ਬਹੁਤ ਸਾਰੇ ਲੋਕ ਨਹੀਂ ਜਾਣਦੇ। ਘੱਟ ਤੋਂ ਘੱਟ ਆਮ ਲੋਕ ਇਸ ਨਾਲ ਹੈਰਾਨ ਰਹਿ ਜਾਣਗੇ। ਮੈਂ ਕਈ ਸਾਲਾਂ ਤਕ ਚੁੱਪ ਰਿਹਾ। ਸਹੀ ਸਮੇਂ ’ਤੇ ਖ਼ੁਲਾਸਾ ਕਰਾਂਗਾ।’’

ਅਦਨਾਨ ਦੀ ਇਸ ਪੋਸਟ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਹੈਰਾਨ ਹਨ। ਟਵਿਟਰ ’ਤੇ ਇਕ ਯੂਜ਼ਰ ਨੇ ਲਿਖਿਆ, ‘‘ਭਾਰਤ ਤੁਹਾਡੇ ਨਾਲ ਹੈ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਤੁਸੀਂ ਭਾਰਤ ਦੇ ਮਾਣ ਹੋ ਅਦਨਾਨ ਜੀ। ਕਿਰਪਾ ਕਰਕੇ ਇੰਝ ਹੀ ਸੰਗੀਤ ਸਾਰਿਆਂ ਸਾਹਮਣੇ ਲਿਆਂਦੇ ਰਹੋ।’’ ਇਕ ਹੋਰ ਯੂਜ਼ਰ ਨੇ ਕੁਮੈਂਟ ਕੀਤਾ, ‘‘ਹੁਣ ਤੁਸੀਂ ਭਾਰਤੀ ਹੋ ਤੇ ਸਾਨੂੰ ਤੁਹਾਡੇ ’ਤੇ ਮਾਣ ਹੈ। ਤੁਹਾਡੇ ਵਰਗਾ ਸੰਗੀਤਕਾਰ ਕਿਸੇ ਸਨਮਾਨ ਤੋਂ ਘੱਟ ਨਹੀਂ ਹੈ।’’

Add a Comment

Your email address will not be published. Required fields are marked *