ਖੂੰਖਾਰ ਗੈਂਗਸਟਰ ਅੰਸਾਰੀ ਦੀ ਮਹਿਮਾਨ ਨਿਵਾਜ਼ੀ ਕਰਨ ਵਾਲੇ ਪੁਲਸ ਅਧਿਕਾਰੀਆਂ ‘ਤੇ ਡਿੱਗ ਸਕਦੀ ਹੈ ਗਾਜ਼

ਲੁਧਿਆਣਾ : ਉੱਤਰ ਪ੍ਰਦੇਸ ਦੇ ਖੂੰਖਾਰ ਗੈਂਗਸਟਰ ਮੁਖ਼ਤਾਰ ਅੰਸਾਰੀ ਨੂੰ ਫਿਰੌਤੀ ਮੰਗਣ ਦੇ ਇਕ ਮਾਮਲੇ ‘ਚ ਯੂ. ਪੀ. ਦੀ ਜੇਲ੍ਹ ਤੋਂ ਲੈ ਕੇ ਪੰਜਾਬ ਦੀ ਰੋਪੜ ਜੇਲ੍ਹ ‘ਚ ਲੰਬੇ ਸਮੇਂ ਤੱਕ ਰੱਖਣ ਅਤੇ ਉਸ ਦੀ ਖੂਬ ਖ਼ਾਤਰਦਾਰੀ ਕਰਨ ਵਾਲੇ ਪੰਜਾਬ ਪੁਲਸ ਦੇ ਕਈ ਅਧਿਕਾਰੀਆਂ ’ਤੇ ਜਲਦ ਗਾਜ਼ ਡਿੱਗ ਸਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਡੀ. ਜੀ. ਪੀ. ਪੰਜਾਬ ਨੂੰ ਉਨ੍ਹਾਂ ਅਧਿਕਾਰੀਆਂ ਦੇ ਨਾਂ ਦੀ ਲਿਸਟ ਭੇਜਣ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਨੇ ਬਹੁ-ਚਰਚਿਤ ਮਾਮਲੇ ‘ਚ ਅਹਿਮ ਭੂਮਿਕਾ ਨਿਭਾਈ ਸੀ। ਜ਼ਿਕਰਯੋਗ ਹੈ ਕਿ ਯੂ. ਪੀ. ‘ਚ ਕਤਲ, ਇਰਾਦਾ ਕਤਲ, ਅਗਵਾ, ਫ਼ਿਰੌਤੀ ਸਮੇਤ ਕਈ ਸੰਗੀਨ ਦੋਸ਼ਾਂ ‘ਚ ਨਾਮਜ਼ਦ ਗੈਂਗਸਟਰ ਮੁਖ਼ਤਾਰ ਅੰਸਾਰੀ ਉੱਤਰ ਪ੍ਰਦੇਸ਼ ਦੀ ਜੇਲ੍ਹ ‘ਚ ਬੰਦ ਸੀ। ਉਸ ਸਮੇਂ ਪੰਜਾਬ ‘ਚ ਕਾਂਗਰਸ ਦੀ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ। ਇਸ ਦੌਰਾਨ ਮੋਹਾਲੀ ਸਥਿਤ ਹੋਮਲੈਂਡ ਹਾਈਟ ‘ਚ ਰਹਿਣ ਵਾਲੇ ਇਕ ਬਿਲਡਰ ਉਮੰਗ ਜਿੰਦਲ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੋਸ਼ ਲਗਾਇਆ ਸੀ ਕਿ ਅੰਸਾਰੀ ਨੇ ਇਕ ਕਾਲ ਕਰਕੇ ਧਮਕਾਉਂਦੇ ਹੋਏ ਪੰਜ ਕਰੋੜ ਦੀ ਫ਼ਿਰੌਤੀ ਦੀ ਮੰਗ ਕੀਤੀ ਹੈ।

ਇਸ ਤੋਂ ਬਾਅਦ ਅੰਸਾਰੀ ’ਤੇ ਮਾਮਲਾ ਦਰਜ ਕਰਕੇ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਯੂ. ਪੀ. ਦੀ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਅਤੇ ਅਦਾਲਤ ‘ਚ ਪੇਸ਼ ਕਰਨ ਦੇ ਬਾਅਦ ਰੋਪੜ ਜੇਲ੍ਹ ਭੇਜ ਦਿੱਤਾ ਗਿਆ। ਇਸ ਦੌਰਾਨ ਲਗਾਤਾਰ ਕਾਂਗਰਸ ਸਰਕਾਰ ’ਤੇ ਅੰਸਾਰੀ ਨੂੰ ਜੇਲ੍ਹ ‘ਚ ਵੀ. ਆਈ. ਪੀ ਟਰੀਟਮੈਂਟ ਦੇਣ ਦੇ ਦੋਸ਼ ਲੱਗਦੇ ਰਹੇ ਅਤੇ ਮਾਮਲੇ ’ਤੇ ਵਿਵਾਦ ਉਸ ਸਮੇਂ ਪੈਦਾ ਹੋਇਆ, ਜਦੋਂ  ਯੂ. ਪੀ. ਸਰਕਾਰ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਅੰਸਾਰੀ ਨੂੰ ਪੰਜਾਬ ਤੋਂ ਯੂ. ਪੀ. ਭੇਜਣ ਦੀ ਮੰਗ ਕਰਦੇ ਹੋਏ ਦੋਸ਼ ਲਗਾਇਆ ਕਿ ਦਰਜਨਾਂ ਸੰਗੀਨ ਮਾਮਲਿਆਂ ‘ਚ ਸ਼ਾਮਲ ਅੰਸਾਰੀ ਨੂੰ ਅਦਾਲਤਾਂ ‘ਚ ਪੇਸ਼ ਕਰਨ ਦੇ ਲਈ ਯੂ. ਪੀ. ਪੁਲਸ ਵੱਲੋਂ ਭੇਜੇ ਜਾਣ ਵਾਲੇ ਸੰਮਨਾਂ ਨੂੰ ਰੋਪੜ ਜੇਲ੍ਹ ਪ੍ਰਸ਼ਾਸ਼ਨ ਰਿਸੀਵਡ ਨਹੀਂ ਕਰ ਰਿਹਾ ਹੈ। ਇਸ ਵਜ੍ਹਾ ਨਾਲ ਮੁਲਜ਼ਮ ’ਤੇ ਦਰਜ ਮਾਮਲਿਆਂ ਦੀ ਸੁਣਵਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।

ਇਸ ਲਈ ਅੰਸਾਰੀ ਨੂੰ ਯੂ. ਪੀ. ਲਿਆਉਣਾ ਬੇਹੱਦ ਜ਼ਰੂਰੀ ਹੈ। ਯੂ. ਪੀ. ਸਰਕਾਰ ਦੇ ਸੁਪਰੀਮ ਕੋਰਟ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸ਼ਨ ਅੰਸਾਰੀ ਨੂੰ ਆਸਾਨੀ ਨਾਲ ਸ਼ਿਫਟ ਕਰਨ ਨੂੰ ਤਿਆਰ ਨਹੀਂ ਹੋਇਆ। ਇੱਥੋਂ ਤੱਕ ਕਿ ਸਰਕਾਰ ਵੱਲੋਂ ਪੇਸ਼ ਹੋਏ ਵਕੀਲਾਂ ਨੇ ਇਸ ਦਾ ਜੰਮ ਦੇ ਵਿਰੋਧ ਕੀਤਾ। ਆਖ਼ਰਕਾਰ ਅਦਾਲਤ ਨੇ ਅੰਸਾਰੀ ਨੂੰ ਤੁਰੰਤ ਯੂ. ਪੀ. ਸ਼ਿਫਟ ਕਰਨ ਦੇ ਹੁਕਮ ਦਿੱਤੇ। ਇਸ ਮਾਮਲੇ ‘ਚ ਸਰਕਾਰ ਅਤੇ ਜੇਲ੍ਹ ਪ੍ਰਸ਼ਾਸ਼ਨ ਨੂੰ ਲਗਾਤਾਰ ਵਿਰੋਧੀ ਧਿਰ ਵੱਲੋਂ ਘੇਰਿਆ ਜਾਂਦਾ ਰਿਹਾ ਹੈ। ਹੁਣ ਇਸ ’ਤੇ ਕਠੋਰ ਕਦਮ ਚੁੱਕਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪੁਲਸ ਤੋਂ ਉਨ੍ਹਾਂ ਅਧਿਕਾਰੀਆਂ ਦੇ ਨਾਂ ਮੰਗੇ ਗਏ ਹਨ, ਜਿਨ੍ਹਾਂ ਨੇ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ‘ਚ ਰੱਖਣ ਅਤੇ ਵੀ. ਆਈ. ਪੀ. ਟਰੀਟਮੈਂਟ ‘ਚ ਅਹਿਮ ਭੂਮਿਕਾ ਨਿਭਾਈ ਸੀ।

ਮੁੱਖ ਮੰਤਰੀ ਦੇ ਹੁਕਮ ਦੇ ਬਾਅਦ ਅਗਸਤ, 2022 ‘ਚ ਡਿਪਾਰਟਮੈਂਟ ਆਫ ਹੋਮ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਡੀ. ਜੀ. ਪੀ. ਪੰਜਾਬ ਨੂੰ ਭੇਜੇ ਪੱਤਰ ‘ਚ ਉਪਰੋਕਤ ਮਾਮਲੇ ਦੀ ਜਾਂਚ ਲਈ ਏ. ਡੀ. ਜੀ. ਪੀ. ਰੈਂਕ ਦੇ ਅਧਿਕਾਰੀ ਦੀ ਡਿਊਟੀ ਲਗਾ ਰਿਪੋਰਟ ਭੇਜਣ ਲਈ ਕਿਹਾ ਗਿਆ ਸੀ ਪਰ ਕੋਈ ਜਵਾਬ ਨਾ ਮਿਲਣ ’ਤੇ ਹੁਣ ਉਨਾਂ ਵੱਲੋਂ ਦੁਬਾਰਾ ਡੀ. ਓ. ਭੇਜ ਦੋ ਹਫ਼ਤੇ ‘ਚ ਰਿਪੋਰਟ ਮੁੱਖ ਮੰਤਰੀ ਨੂੰ ਭੇਜਣ ਦੇ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਸਿਆਸੀ ਪ੍ਰਭਾਵ ‘ਚ ਅੰਸਾਰੀ ਦੀ ਖੂਬ ਖ਼ਾਤਰਕਾਰੀ ਕਰਨ ਵਾਲੇ ਅਤੇ ਉਸ ਨੂੰ ਯੂ. ਪੀ. ਤੋਂ ਪੰਜਾਬ ਲਿਆਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੁਲਸ ਅਧਿਕਾਰੀਆਂ ‘ਚ ਭਾਜੜ ਮਚ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ‘ਚ ਕਦੋਂ ਤੱਕ ਵਿਸ਼ੇਸ਼ ਰਿਪੋਰਟ ਮੁੱਖ ਮੰਤਰੀ ਤੱਕ ਪੁੱਜਦੀ ਹੈ ਅਤੇ ਕਿਹੜੇ-ਕਿਹੜੇ ਪੁਲਸ ਅਧਿਕਾਰੀਆਂ ’ਤੇ ਇਸ ਦੀ ਗਾਜ਼ ਡਿੱਗਦੀ ਹੈ। ਜਦ ਮਾਮਲੇ ‘ਚ ਅਨੁਰਾਗ ਵਰਮਾ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

Add a Comment

Your email address will not be published. Required fields are marked *