ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਗ੍ਰਾਫ਼ ਡਾਊਨ’ ਕਰਨ ਵਾਲੇ ਬਿਆਨ ‘ਤੇ ਡੱਲੇਵਾਲ ਨੇ ਦਿੱਤਾ ਸਪਸ਼ਟੀਕਰਨ

ਚੰਡੀਗੜ੍ਹ: ਕਿਸਾਨਾਂ ਵੱਲੋਂ MSP ‘ਤੇ ਕਾਨੂੰਨੀ ਗਰੰਟੀ, ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੇ ਕਿਸਾਨ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਐਲਾਨ ਗਿਆ ਹੈ। ਇਸ ਵਿਚਾਲੇ ਜਿੱਥੇ ਪੰਜਾਬ ਦੇ ਬਾਰਡਰਾਂ ‘ਤੇ ਕਿਸਾਨਾਂ ਅਤੇ ਪੁਲਸ ਵਿਚਾਲੇ ਜੱਦੋ-ਜਹਿਦ ਜਾਰੀ ਹੈ, ਉੱਥੇ ਹੀ ਇਸ ਮੁੱਦੇ ‘ਤੇ ਸਿਆਸਤ ਵੀ ਭੱਖੀ ਹੋਈ ਹੈ। ਬੀਤੇ ਦਿਨੀਂ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਇਕ ਬਿਆਨ ਸਾਹਮਣੇ ਆਇਆ ਸੀ ਜਿਸ ਵਿਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗ੍ਰਾਫ਼ ਡਾਊਨ ਕਰਨ ਬਾਰੇ ਗੱਲ ਕਰ ਰਹੇ ਸਨ। ਇਸ ਨੂੰ ਲੈ ਕੇ ਭਾਜਪਾ ਸਮਰਥਕਾਂ ਵੱਲੋਂ ਲਗਾਤਾਰ ਉਨ੍ਹਾਂ ‘ਤੇ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ ਤੇ ਕਿਸਾਨ ਅੰਦੋਲਨ ਨੂੰ ਸਿਆਸਤ ਤੋਂ ਪ੍ਰੇਰਿਤ ਕਿਹਾ ਜਾ ਰਿਹਾ ਹੈ।

ਇਸ ਸਭ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਦਾ ਸਪਸ਼ਟੀਕਰਨ ਸਾਹਮਣੇ ਆਇਆ ਹੈ। ਦੇਰ ਰਾਤ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਕਤ ਬਿਆਨ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਗਿਆ, ਉਨ੍ਹਾਂ ਨੇ ਉਸ ਤਰ੍ਹਾਂ ਉਹ ਗੱਲ ਨਹੀਂ ਕਹੀ ਸੀ। ਉਹ ਕੇਂਦਰ ਸਰਕਾਰ ਦੇ ਹੰਕਾਰੀ ਰਵੱਈਏ ਬਾਰੇ ਗੱਲ ਕਰ ਰਹੇ ਸਨ ਕਿ ਜਿਸ ਤਰ੍ਹਾਂ ਦਾ ਵਤੀਰਾ ਉਨ੍ਹਾਂ ਨਾਲ ਕੀਤਾ ਜਾ ਰਿਹਾ ਹੈ। ਅਸੀਂ ਸ਼ਾਂਤਮਈ ਅੰਦੋਲਨ ਕਰ ਰਹੇ ਹਾਂ, ਪਰ ਸਰਕਾਰ ਹੰਕਾਰ ਵਿਚ ਆ ਕੇ ਸਾਡੇ ਨਾਲ ਇਸ ਤਰ੍ਹਾਂ ਦਾ ਵਤੀਰਾ ਕਰ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਹੈ ਜਿਸ ਤਰ੍ਹਾਂ ਅਸੀਂ ਪਹਿਲੇ ਅੰਦੋਲਨ ਵੇਲੇ ਕੀਤਾ ਸੀ। 

ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ, “ਮੋਦੀ ਦਾ ਗ੍ਰਾਫ਼ ਮੰਦਰ ਕਰਕੇ ਬਹੁਤ ਉੱਪਰ ਚੜ੍ਹ ਗਿਆ ਹੈ, ਉਹ ਇਸ ਦਾ ਗ੍ਰਾਫ਼ ਡਾਊਨ ਕਿਵੇਂ ਆ ਸਕਦਾ ਹੈ, ਮੈਂ ਪਹਿਲਾਂ ਵੀ ਪਿੰਡਾਂ ਦੇ ਵਿਚ ਲੋਕਾਂ ਨੂੰ ਕਹਿੰਦਾ ਸੀ ਕਿ ਮੌਕੇ ਬੜਾ ਥੋੜ੍ਹਾ ਹੈ, ਉਸ ਦਾ ਗ੍ਰਾਫ਼ ਬੜਾ ਉੱਚਾ ਹੈ, ਦਿਨ ਸਾਡੇ ਕੋਲ ਬਹੁਤ ਥੋੜ੍ਹੇ ਹਨ। ਕੀ ਅਸੀਂ ਇੰਨੇ ਥੋੜ੍ਹੇ ਦਿਨਾਂ ਦੇ ਵਿਚ ਉਸ ਦਾ ਗ੍ਰਾਫ਼ ਡਾਊਨ ਕਰ ਲਵਾਂਗੇ?”

Add a Comment

Your email address will not be published. Required fields are marked *