ਆਸਟ੍ਰੇਲੀਆ ’ਚ ਕਰੂਜ਼ ’ਤੇ 800 ਯਾਤਰੀ ਕੋਰੋਨਾ ਪਾਜ਼ੇਟਿਵ ਮਿਲਣ ਨਾਲ ਮਚੀ ਹਫੜਾ-ਦਫੜੀ

ਸਿਡਨੀ : ਆਸਟ੍ਰੇਲੀਆ ਦੇ ਇਕ ਹਾਲੀਡੇ ਕਰੂਜ਼ ’ਚ 800 ਯਾਤਰੀ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹਫੜਾ ਦਫੜੀ ਮਚ ਗਈ ਹੈ। ਜਹਾਜ਼ ਨੂੰ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ’ਚ ਡੌਕ ਕੀਤਾ ਗਿਆ ਹੈ। ਮੈਜੇਸਟਿਕ ਪ੍ਰਿੰਸੇਸ ਕਰੂਜ਼ ਜਹਾਜ਼ ਨਿਊਜ਼ੀਲੈਂਡ ਤੋਂ ਰਵਾਨਾ ਹੋ ਰਿਹਾ ਸੀ ਅਤੇ ਲੱਗਭਗ 4,600 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਸੀ। ਕਰੂਜ਼ ਆਪਰੇਟਰ ਕਾਰਨੀਵਲ ਆਸਟਰੇਲੀਆ ਦੇ ਪ੍ਰਧਾਨ ਮਾਰਗਰੇਟ ਫਿਟਜ਼ਗੇਰਾਲਡ ਨੇ ਦੱਸਿਆ ਕਿ ਇਹ ਯਾਤਰਾ 12 ਦਿਨਾਂ ਦੀ ਸੀ, ਜਿਸ ’ਚ ਵੱਡੀ ਗਿਣਤੀ ਵਿਚ ਲੋਕ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਮਿਲੀ ਹੈ। ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਅਰ ਓ’ਨੀਲ ਨੇ ਸ਼ਨੀਵਾਰ ਨੂੰ ਜਨਤਾ ਨੂੰ ਭਰੋਸਾ ਦਿਵਾਇਆ ਹੈ।

ਦੱਸ ਦੇਈਏ ਕਿ ਵੱਡੀ ਗਿਣਤੀ ’ਚ ਯਾਤਰੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਜਹਾਜ਼ ਦਾ ਸੰਚਾਲਨ ਜਲਦਬਾਜ਼ੀ ’ਚ ਰੋਕ ਦਿੱਤਾ ਗਿਆ। ਕਲੇਅਰ ਓ’ਨੀਲ ਨੇ ਕਿਹਾ ਕਿ ਅਧਿਕਾਰੀਆਂ ਨੇ ਰੁਟੀਨ ਪ੍ਰੋਟੋਕੋਲ ਬਣਾਏ ਹਨ ਅਤੇ ਨਿਊ ਸਾਊਥ ਵੇਲਜ਼ ਹੈਲਥ ਇਹ ਨਿਰਧਾਰਿਤ ਕਰਨ ਲਈ ਅਗਵਾਈ ਕਰੇਗੀ ਕਿ ਮੈਜੇਸਟਿਕ ਪ੍ਰਿੰਸੇਸ ਜਹਾਜ਼ ਤੋਂ ਯਾਤਰੀਆਂ ਨੂੰ ਕਿਵੇਂ ਕੱਢਿਆ ਜਾਵੇ। ਏਜੰਸੀ ਨੇ ਕਿਹਾ ਕਿ ਉਹ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸਿਹਤ ਦੀ ਨਿਗਰਾਨੀ ਕਰਨ ਲਈ ਕਰੂਜ਼ ਜਹਾਜ਼ ਦੇ ਅਮਲੇ ਨਾਲ ਕੰਮ ਕਰ ਰਹੀ ਹੈ। ਕੰਪਨੀ ਦੇ ਪ੍ਰਧਾਨ ਮਾਰਗਰੇਟ ਫਿਟਜ਼ਗੇਰਾਲਡ ਨੇ ਦੱਸਿਆ ਕਿ ਆਸਟ੍ਰੇਲੀਆ ’ਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਦੱਸ ਦੇਈਏ ਕਿ ਸਾਲ 2020 ਦੀ ਸ਼ੁਰੂਆਤ ’ਚ ਵੀ ਇਸੇ ਕੰਪਨੀ ਦੇ ਰੂਬੀ ਪ੍ਰਿੰਸੇਸ ਕਰੂਜ਼ ਜਹਾਜ਼ ’ਚ ਲਗਭਗ 900 ਯਾਤਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਨ੍ਹਾਂ ’ਚੋਂ ਤਕਰੀਬਨ 28 ਲੋਕਾਂ ਦੀ ਮੌਤ ਹੋ ਗਈ ਸੀ।

Add a Comment

Your email address will not be published. Required fields are marked *