ਪੱਤਰਕਾਰ ਵੱਲੋਂ ਖੁਦਕੁਸ਼ੀ; ਸਾਬਕਾ ਵਿਧਾਇਕ ਕੰਬੋਜ ਤੇ ਪੁੱਤਰ ਖ਼ਿਲਾਫ਼ ਕੇਸ

ਰਾਜਪੁਰਾ, 11 ਨਵੰਬਰ-: ਸਥਾਨਕ ਸ਼ਿਵ ਮੰਦਿਰ ਕਲੋਨੀ ਦੇ ਵਸਨੀਕ ਪੱਤਰਕਾਰ ਰਮੇਸ਼ ਸ਼ਰਮਾ ਨੇ ਅੱਜ ਖ਼ੁਦਕੁਸ਼ੀ ਕਰ ਲਈ ਹੈ। ਉਸ ਦੀ ਜੇਬ੍ਹ ਵਿੱਚੋਂ ਮਿਲੇ ਖ਼ੁਦਕੁਸ਼ੀ ਨੋਟ ਦੇ ਆਧਾਰ ’ਤੇ ਪੁਲੀਸ ਨੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਉਸ ਦੇ ਪੁੱਤਰ ਸਣੇ ਛੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਕਈ ਅਖ਼ਬਾਰਾਂ ਵਿੱਚ ਬਤੌਰ ਪੱਤਰਕਾਰ ਕੰਮ ਕਰ ਚੁੱਕਿਆ ਰਮੇਸ਼ ਸ਼ਰਮਾ ਹੁਣ ਯੂਟਿਊਬ ਚੈਨਲ ‘ਨਿਊਜ਼ ਜੰਕਸ਼ਨ ਪੰਜਾਬ’ ਵਿੱਚ ਕਾਰਜਸ਼ੀਲ ਸੀ। ਅੱਜ ਸਵੇਰੇ ਉਸ ਦੀ ਲਾਸ਼ ਟਾਊਨ ਦੇ ਸ਼ਿਵਾਜੀ ਪਾਰਕ ਵਿੱਚ ਮਿਲੀ, ਜਿਸ ਦੀ ਸੂਚਨਾ ਥਾਣਾ ਸਿਟੀ ਦੀ ਪੁਲੀਸ ਨੂੰ ਦਿੱਤੀ ਗਈ। ਉਸ ਦੀ ਜੇਬ੍ਹ ਵਿੱਚੋਂ ਮਿਲੇ ਖੁਦਕੁਸ਼ੀ ਨੋਟ ਵਿੱਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਉਸ ਦੇ ਲੜਕੇ ਨਿਰਭੈ ਸਿੰਘ ਮਿਲਟੀ ਤੇ ਹੋਰਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਰਮੇਸ਼ ਸ਼ਰਮਾ ਵੱਲੋਂ ਖੁਦਕੁਸ਼ੀ ਤੋਂ ਪਹਿਲਾਂ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਪਾਈ ਗਈ ਹੈ, ਜਿਸ ਵਿੱਚ ਉਸ ਨੇ ਦੱਸਿਆ ਕਿ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਉਸ ਦੀ ਦੁਕਾਨ ’ਤੇ ਕਬਜ਼ਾ ਕਰਵਾ ਕੇ ਉਸ ਨੂੰ ਬੇਰੁਜ਼ਗਾਰ ਕਰ ਦਿੱਤਾ ਤੇ ਵਿਧਾਇਕ ਦੇ ਲੜਕੇ ਨਿਰਭੈ ਸਿੰਘ ਮਿਲਟੀ ਨੂੰ ਹਰ ਮਹੀਨੇ 30 ਹਜ਼ਾਰ ਰੁਪਏ ਨਾ ਦੇਣ ’ਤੇ ਉਸ ਦਾ ਚੱਲਦਾ ਢਾਬਾ ਵੀ ਬੰਦ ਕਰਵਾ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ਰਮਾ ਨੇ ਆਜ਼ਾਦੀ ਘੁਲਾਟੀਆ ਅਵਤਾਰ ਸਿੰਘ, ਵਕੀਲ ਤੇ ਪੱਤਰਕਾਰ ਭੁਪਿੰਦਰ ਕਪੂਰ, ਲਵਕੇਸ਼ ਕੁਮਾਰ ਤੇ ਸੰਜੀਵ ਗਰਗ ਵਾਸੀਆਨ ਰਾਜਪੁਰਾ ’ਤੇ ਵੀ ਮਿਲੀਭੁਗਤ ਨਾਲ ਉਸ ’ਤੇ ਕਈ ਝੂਠੇ ਕੇਸ ਪਾ ਕੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਰਮੇਸ਼ ਨੇ ਦੱਸਿਆ ਕਿ ਇਨ੍ਹਾਂ ਤੋਂ ਤੰਗ ਆ ਕੇ ਅੱਜ ਉਹ ਖ਼ੁਦਕੁਸ਼ੀ ਕਰ ਰਿਹਾ ਹੈ।

ਥਾਣਾ ਸਿਟੀ ਦੇ ਇੰਸਪੈਕਟਰ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਲੀਸ ਵੱਲੋਂ ਰਮੇਸ਼ ਸ਼ਰਮਾ ਵੱਲੋਂ ਲਿਖੇ ਖੁਦਕੁਸ਼ੀ ਨੋਟ ਅਤੇ ਉਨ੍ਹਾਂ ਦੀ ਪਤਨੀ ਅਨੀਤਾ ਸ਼ਰਮਾ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ, ਅਵਤਾਰ ਸਿੰਘ, ਭੁਪਿੰਦਰ ਕਪੂਰ, ਲਵਕੇਸ਼ ਕੁਮਾਰ ਤੇ ਸੰਜੀਵ ਗਰਗ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਪੁਲੀਸ ਵੱਲੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।

Add a Comment

Your email address will not be published. Required fields are marked *