ਪੱਤਰਕਾਰ ਰਮਨਦੀਪ ਸਿੰਘ ਸੋਢੀ ਦਾ ਕੈਨੇਡਾ ’ਚ ਪੰਜਾਬ ਭਵਨ ਕਰੇਗਾ ਸਨਮਾਨ

ਪੰਜਾਬ ਭਵਨ, ਸਰੀ ਵੈਨਕੂਵਰ, ਕੈਨੇਡਾ ਵੱਲੋਂ 8 ਤੇ 9 ਅਕਤੂਬਰ 2023 ਨੂੰ ਤਾਜ ਪਾਰਕ ਕਨਵੈਨਸ਼ਨ ਸੈਂਟਰ, ਕੈਨੇਡਾ ਵਿਖੇ 5ਵੀਂ ਸਾਲਾਨਾ ‘ਪੰਜਾਬੀ ਸਾਹਿਤ ਕਾਨਫਰੰਸ’ ਕਰਵਾਈ ਜਾ ਰਹੀ ਹੈ। ਇਸ ਸੰਗਠਨ ਵੱਲੋਂ ਹਰ ਸਾਲ ਪੰਜਾਬੀ ਭਾਈਚਾਰੇ ਦੀ ਇਕ ਮੋਹਰੀ ਸ਼ਖ਼ਸੀਅਤ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਜਿਸ ਨੇ ਵਿਸ਼ਵ ’ਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹੋਣ ਤੇ ਸਮਾਜ ਨੂੰ ਚੰਗੀ ਸੇਧ ਦਿੱਤੀ ਹੋਵੇ। ਇਸੇ ਲੜੀ ’ਚ ਇਸ ਵਾਰ ਸੰਗਠਨ ਪੰਜਾਬ ਭਵਨ ਦੇ ਪ੍ਰਬੰਧਕਾਂ ਨੇ ਫ਼ੈਸਲਾ ਕੀਤਾ ਹੈ ਕਿ ‘ਗਲੋਬਲ ਪ੍ਰਾਈਡ ਪੰਜਾਬੀ’ ਦਾ ਐਵਾਰਡ ਜਗ ਬਾਣੀ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੂੰ ਉਨ੍ਹਾਂ ਦੀਆਂ ਪੰਜਾਬੀ ਪੱਤਰਕਾਰੀ ’ਚ ਸ਼ਾਨਦਾਰ ਪ੍ਰਾਪਤੀਆਂ ਲਈ ਦਿੱਤਾ ਜਾਵੇ।

ਪ੍ਰਬੰਧਕਾਂ ਨੇ ਇਹ ਫ਼ੈਸਲਾ ਇਹ ਦੇਖਦਿਆਂ ਲਿਆ ਕਿ ਪੱਤਰਕਾਰ ਸੋਢੀ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ, ਜਿਵੇਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ, ਦੁਬਈ, ਨਿਊਜ਼ੀਲੈਂਡ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿਚ ਪੰਜਾਬੀ ਪੱਤਰਕਾਰੀ ਰਾਹੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ ਹੈ ਤੇ ਕਿਸੇ ਹੋਰ ਪੰਜਾਬੀ ਪੱਤਰਕਾਰ ਵੱਲੋਂ ਪੰਜਾਬੀ ਭਾਈਚਾਰੇ ਲਈ ਇੰਨਾ ਯੋਗਦਾਨ ਨਹੀਂ ਦੇਖਿਆ। 

ਪੰਜਾਬ ਭਵਨ ਦੇ ਪ੍ਰਬੰਧਕਾਂ ਨੇ ਕਿਹਾ ਕਿ ਹੁਣ ਤੱਕ ਸਾਨੂੰ ਤੇ ਪੰਜਾਬੀਆਂ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਪੱਤਰਕਾਰ ਸੋਢੀ ਨੇ ਕੈਨੇਡੀਅਨ ਪੰਜਾਬੀ ਸ਼ਖ਼ਸੀਅਤਾਂ, ਸਿਆਸੀ ਨੇਤਾਵਾਂ ਅਤੇ ਸਮਾਜਿਕ ਨੇਤਾਵਾਂ ਨਾਲ ਇੰਟਰਵਿਊ ਕਰਕੇ ਉਨ੍ਹਾਂ ਨੂੰ ਸਮੁੱਚੇ ਪੰਜਾਬੀ ਭਾਈਚਾਰੇ ਲਈ ਇਕ ਐਕਸਪੋਜ਼ਰ ਦਿੱਤਾ ਸੀ। ਉਨ੍ਹਾਂ ਦੇ ਪ੍ਰਸਿੱਧ ਸ਼ੋਅ ‘ਨੇਤਾ ਜੀ ਸਤਿ ਸ੍ਰੀ ਅਕਾਲ’ ਅਤੇ ‘ਜਨਤਾ ਦੀ ਸੱਥ’ ਪੰਜਾਬੀ ਡਾਇਸਪੋਰਾ ਵਿਚ ਬਹੁਤ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਪ੍ਰੋਗਰਾਮਾਂ ’ਚੋਂ ਇਕ ਹਨ।

ਸੰਗਠਨ ਇਹ ਦੱਸਦਿਆਂ ਮਾਣ ਮਹਿਸੂਸ ਕਰਦਾ ਹੈ ਕਿ ਸੋਢੀ ਆਪਣੀ ਪਾਰਦਰਸ਼ੀ, ਦਲੇਰੀ ਅਤੇ ਈਮਾਨਦਾਰ ਪੱਤਰਕਾਰੀ ਲਈ ਪੰਜਾਬੀ ਡਿਜੀਟਲ ਮੀਡੀਆ ’ਚ ਇਕ ਟ੍ਰੈਂਡ ਸੈੱਟਰ ਵੀ ਹਨ। ਇਸ ਲਈ ਪੰਜਾਬ ਭਵਨ ਦੇ ਸਾਰੇ ਮੈਂਬਰ ਪੰਜਾਬੀ ਭਾਈਚਾਰੇ ਨੂੰ ਇਕਜੁੱਟ ਕਰਨ ਅਤੇ ਮਜ਼ਬੂਤ ਕਰਨ ਲਈ ਮੁੱਦਿਆਂ ਨੂੰ ਉਠਾਉਣ ਵਿਚ ਪਾਏ ਯੋਗਦਾਨ ਲਈ ਮਾਣ ਮਹਿਸੂਸ ਕਰਦੇ ਹਨ।

Add a Comment

Your email address will not be published. Required fields are marked *