ਸੀਤਾਰਾਮਨ ਦੇ ‘ਅੱਧੇ ਅਧੂਰੇ’ ਜਵਾਬ ’ਚ ਕਾਂਗਰਸ ਦਾ ‘ਮਾਸਟਰਸ਼ੈੱਫ’ ਸਟਰੋਕ

ਨਵੀਂ ਦਿੱਲੀ, 9 ਨਵੰਬਰ

ਕਾਂਗਰਸ ਨੇ 1991 ਵਿੱਚ ਉਨ੍ਹਾਂ ਦੀ ਪਾਰਟੀ ਵੱਲੋਂ ਲਿਆਂਦੇ ਆਰਥਿਕ ਸੁਧਾਰਾਂ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ‘ਅੱਧੇ-ਅਧੂਰੇ’ ਦੱਸਣ ਬਾਰੇ ਕੀਤੀ ਟਿੱਪਣੀ ’ਤੇ ਚੁਟਕੀ ਲੈਂਦੇ ਹੋਏ ਅੱਜ ਕਿਹਾ ਕਿ ‘ਮਾਸਟਰ ਸ਼ੈੱਫ’ ਨਿਤਿਨ ਗਡਕਰੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪਿੱਠ ਥਾਪੜ ਕੇ ਉਨ੍ਹਾਂ (ਸੁਧਾਰਾਂ) ਨੂੰ ਮੁਕੰਮਲ ਕਰ ਦਿੱਤਾ ਹੈ। ਕੇਂਦਰੀ ਮੰਤਰੀ ਗਡਕਰੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ 1991 ਵਿੱਚ ਵਿੱਤ ਮੰਤਰੀ ਵਜੋਂ ਸ਼ੁਰੂ ਕੀਤੇ ਆਰਥਿਕ ਸੁਧਾਰਾਂ ਲਈ ਦੇਸ਼ ਹਮੇਸ਼ਾਂ ਉਨ੍ਹਾਂ ਦਾ ਰਿਣੀ ਰਹੇਗਾ।

ਵਿੱਤ ਮੰਤਰੀ ਸੀਤਾਰਾਮਨ ਨੇ ਸਤੰਬਰ ਮਹੀਨੇ ਇਕ ਸਮਾਗਮ ਵਿੱਚ ਬੋਲਦਿਆਂ ਕਿਹਾ ਸੀ ਕਿ ਤਤਕਾਲੀਨ ਕਾਂਗਰਸ ਸਰਕਾਰ ਵੱਲੋਂ 1991 ਵਿੱਚ ਲਿਆਂਦੇ ਆਰਥਿਕ ਸੁਧਾਰ ‘ਅੱਧੇ-ਅਧੂਰੇ’ ਸਨ, ਜਿੱਥੇ ਅਰਥਚਾਰੇ ਨੂੰ ਸਹੀ ਢੰਗ ਨਾਲ ਖੋਲ੍ਹਣ ਦੀ ਥਾਂ ਕੌਮਾਂਤਰੀ ਮੁਦਰਾ ਫੰਡ ਵਲੋਂ ਕੀਤੀਆਂ ਸਖ਼ਤ ਟੀਕਾ-ਟਿੱਪਣੀਆਂ ਦੇ ਅਧਾਰ ’ਤੇ ਖੋਲ੍ਹਿਆ ਗਿਆ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੀਤਾਰਾਮਨ ’ਤੇ ਵਿਅੰਗ ਕਸਦਿਆਂ ਕਿਹਾ, ‘‘16 ਸਤੰਬਰ ਨੂੰ ਮੈਡਮ ਵਿੱਤ ਮੰਤਰੀ ਨੇ 1991 ਦੇ ਸੁਧਾਰਾਂ ਨੂੰ ‘ਅੱਧੇ-ਅਧੂਰੇ’ ਦੱਸ ਕੇ ਇਸ ਦਾ ਮਹੱਤਵ ਘਟਾਉਣ ਦੀ ਕੋਸ਼ਿਸ਼ ਕੀਤੀ ਸੀ। ਲੰਘੇ ਦਿਨ ਮਾਸਟਰਸ਼ੈੱਫ ਗਡਕਰੀ ਨੇ ਇਨ੍ਹਾਂ ਆਰਥਿਕ ਸੁਧਾਰਾਂ ਲਈ ਡਾ.ਮਨਮੋਹਨ ਸਿੰਘ ਦੀ ਪਿੱਠ ਥਾਪੜ ਕੇ ਇਸ ਨੂੰ ਪੂਰਾ ਕਰ ਦਿੱਤਾ ਹੈ। ਰਮੇਸ਼ ਨੇ ਟਵੀਟ ਕੀਤਾ, ‘‘ਮੈਂ ਆਸ ਕਰਦਾ ਹਾਂ ਕਿ ਉਨ੍ਹਾਂ (ਸੀਤਾਰਾਮਨ) ਨੂੰ ਇਹ ਗੱਲ ਹੁਣ ਹਜ਼ਮ ਹੋ ਜਾਵੇਗੀ।’’ ਗਡਕਰੀ ਨੇ ਲੰਘੇ ਦਿਨ ਇਕ ਸਮਾਗਮ ’ਚ ਕਿਹਾ ਸੀ, ‘‘ਲਿਬਰਲ ਅਰਥਚਾਰੇ ਕਰਕੇ ਦੇਸ਼ ਨੂੰ ਨਵੀਂ ਦਿਸ਼ਾ ਮਿਲੀ, ਉਸ ਲਈ ਦੇਸ਼ ਮਨਮੋਹਨ ਸਿੰਘ ਦਾ ਰਿਣੀ ਹੈ।’’ ਕੇਂਦਰੀ ਮੰਤਰੀ ਨੇ ਕਿਹਾ ਕਿ 1990ਵਿਆਂ ਦੇ ਮੱਧ ਵਿੱਚ ਜਦੋਂ ਉਹ ਮਹਾਰਾਸ਼ਟਰ ਸਰਕਾਰ ’ਚ ਮੰਤਰੀ ਸਨ, ਉਹ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਲਿਆਂਦੇ ਆਰਥਿਕ ਸੁਧਾਰਾਂ ਕਰਕੇ ਹੀ ਮਹਾਰਾਸ਼ਟਰ ’ਚ ਸੜਕਾਂ ਦੇ ਨਿਰਮਾਣ ਲਈ ਫੰਡ ਜੁਟਾ ਸਕੇ।

Add a Comment

Your email address will not be published. Required fields are marked *