ਕਾਮੇਡੀਅਨ ਵੀਰ ਦਾਸ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼

 ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਵੀਰ ਦਾਸ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਵਿਵਾਦਾਂ ’ਚ ਘਿਰ ਜਾਂਦੇ ਹਨ। ਇਸ ਵਾਰ ਕਾਮੇਡੀਅਨ ‘ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਹੈ। ਇਸ ਕਾਰਨ ਕਰਨਾਟਕ ‘ਚ ਹਿੰਦੂ ਜਨਜਾਗ੍ਰਿਤੀ ਸਮਿਤੀ ਨੇ ਕਾਮੇਡੀਅਨ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਅਤੇ 10 ਨਵੰਬਰ ਨੂੰ ਬੈਂਗਲੁਰੂ ‘ਚ ਹੋਣ ਵਾਲੇ ਲਾਈਵ ਸ਼ੋਅ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਹੈ।

ਕਮੇਟੀ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਕਿਹਾ ਕਿ ‘ਪਤਾ ਲੱਗਾ ਹੈ ਕਿ ਵਿਵਾਦਿਤ ਕਾਮੇਡੀਅਨ ਵੀਰ ਦਾਸ 10 ਨਵੰਬਰ ਨੂੰ ਬੈਂਗਲੁਰੂ ਦੇ ਮਲੇਸ਼ਵਰਮ ਦੇ ਇਕ ਹਾਲ ‘ਚ ਕਾਮੇਡੀ ਸ਼ੋਅ ਕਰਨ ਵਾਲੇ ਹਨ। ਇਸ ਤੋਂ ਪਹਿਲਾਂ ਉਹ ਵਾਸ਼ਿੰਗਟਨ ’ਚ ਔਰਤਾਂ, ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਭਾਰਤ ਵਿਰੁੱਧ ਇਤਰਾਜ਼ਯੋਗ ਬਿਆਨ ਦੇ ਚੁੱਕੇ ਹਨ। ਵੀਰ ਦਾਸ ‘ਤੇ ਦੁਨੀਆ ਭਰ ‘ਚ ਭਾਰਤ ਦੀ ਗਲਤ ਤਸਵੀਰ ਪੇਸ਼ ਕਰਨ ਦਾ ਦੋਸ਼ ਵੀ ਲੱਗਾ ਹੈ। ਇਸ ਮਾਮਲੇ ’ਚ ਅਸੀਂ ਮੁੰਬਈ ਅਤੇ ਦਿੱਲੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਇਹ ਆਈ.ਪੀ.ਸੀ ਦੀ ਧਾਰਾ ਦੇ ਤਹਿਤ ਇਕ ਗੰਭੀਰ ਅਪਰਾਧ ਹੈ।’

ਕਮੇਟੀ ਦਾ ਕਹਿਣਾ ਹੈ ‘ਕਿ ਇਨ੍ਹਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਅਜਿਹੇ ਵਿਵਾਦਿਤ ਕਲਾਕਾਰ ਨੂੰ ਬੈਂਗਲੁਰੂ ਵਰਗੇ ਭਾਈਚਾਰਕ ਸੰਵੇਦਨਸ਼ੀਲ ਖ਼ੇਤਰ ‘ਚ ਪ੍ਰੋਗਰਾਮ ਲਈ ਮਨਜ਼ੂਰੀ ਨਹੀਂ ਦਿੱਤੀ ਜਾਣੀ ਚਾਹੀਦੀ। ਅਜਿਹੇ ਪ੍ਰੋਗਰਾਮ ਕਾਰਨ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ, ਇਸ ਲਈ ਲੋਕਾਂ ਨੇ ਮੰਗ ਕੀਤੀ ਹੈ ਕਿ ਵੀਰ ਦਾਸ ਦੇ ਲਾਈਵ ਕਾਮੇਡੀ ਸ਼ੋਅ ਨੂੰ ਮਨਜ਼ੂਰੀ ਨਾ ਦਿੱਤੀ ਜਾਵੇ।’

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਵੀਰ ਦਾਸ ਦੇਸ਼ ਦੇ ਖਿਲਾਫ਼ ਵਿਵਾਦਿਤ ਬਿਆਨ ਦੇ ਕੇ ਵਿਵਾਦਾਂ ’ਚ ਆ ਚੁੱਕੇ ਹਨ। ਸਾਲ 2021 ’ਚ ਟੂ ਇੰਡੀਆ ਨਾਮਕ ਇਕ ਸ਼ੋਅ ’ਚ ਵੀਰ ਦਾਸ ਨੇ ਭਾਰਤ ਦੇਸ਼ ਬਾਰੇ ਕਿਹਾ ਕਿ ‘ਮੈਂ ਇਕ ਅਜਿਹੇ ਭਾਰਤ ਤੋਂ ਆਇਆ ਹਾਂ ਜਿੱਥੇ ਅਸੀਂ ਦਿਨ ਵੇਲੇ ਔਰਤਾਂ ਦੀ ਪੂਜਾ ਕਰਦੇ ਹਾਂ ਅਤੇ ਰਾਤ ਨੂੰ ਉਨ੍ਹਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਜਾਂਦਾ ਹੈ।’ ਵੀਰ ਦੇ ਇਸ ਬਿਆਨ ਦਾ ਲੋਕਾਂ ਨੇ ਸਖ਼ਤ ਵਿਰੋਧ ਕੀਤਾ।

Add a Comment

Your email address will not be published. Required fields are marked *