ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ ਸਜਾਇਆ

ਅੰਮ੍ਰਿਤਸਰ, 8 ਨਵੰਬਰ

ਗੁਰੂ ਨਾਨਕ ਦੇਵ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਅੱਜ ਇਸ ਸਬੰਧ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਭਾਰਤ ਤੋਂ ਗਏ ਸਿੱਖ ਸ਼ਰਧਾਲੂਆਂ ਅਤੇ ਸਥਾਨਕ ਸੰਗਤ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਫੁੱਲਾਂ ਨਾਲ ਸਜਾਈ ਹੋਈ ਪਾਲਕੀ ਵਿੱਚ ਸੁਸ਼ੋਭਿਤ ਕੀਤਾ ਗਿਆ। ਇਸ ਦੀ ਆਰੰਭਤਾ ਵੇਲੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਪ੍ਰੇਮ ਸਿੰਘ ਨੇ ਅਰਦਾਸ ਕੀਤੀ। ਨਗਰ ਕੀਰਤਨ ਅੱਗੇ ਪੰਜ ਨਿਸ਼ਾਨਚੀ ਅਤੇ ਪੰਜ ਪਿਆਰੇ ਚੱਲ ਰਹੇ ਸਨ। ਇਸ ਦੌਰਾਨ ਸ਼ਰਧਾਲੂਆਂ ਨੇ ਸੁੰਦਰ ਪਾਲਕੀ ’ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਸਥਾਨਕ ਸੰਗਤ ਵੱਲੋਂ ਫਲ ਅਤੇ ਹੋਰ ਵਸਤਾਂ ਲੰਗਰ ਵਜੋਂ ਵਰਤਾਈਆਂ ਗਈਆਂ। ਇਸ ਦੌਰਾਨ ਕੀਰਤਨੀ ਤੇ ਰਾਗੀ ਜਥਿਆਂ ਨੇ ਸੰਗਤ ਨੂੰ ਕਥਾ ਕੀਰਤਨ ਰਾਹੀਂ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ ਅਤੇ ਨਿਹੰਗ ਸਿੰਘਾਂ ਨੇ ਗਤਕੇ ਦੇ ਜੌਹਰ ਵਿਖਾਏ। ਨਗਰ ਕੀਰਤਨ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਚੱਲ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪੁੱਜ ਕੇ ਸਮਾਪਤ ਹੋਇਆ। ਇਸ ਮੌਕੇ ਪੀਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਸਤਵੰਤ ਸਿੰਘ, ਬਿਸ਼ਨ ਸਿੰਘ, ਤਾਰਾ ਸਿੰਘ, ਭਾਰਤ ਤੋਂ ਗਏ ਸ਼ਰਧਾਲੂਆਂ ਸਮੇਤ ਔਕਾਫ ਬੋਰਡ ਦੇ ਅਧਿਕਾਰੀ ਹਾਜ਼ਰ ਸਨ। ਜਾਣਕਾਰੀ ਮੁਤਾਬਿਕ ਅੱਜ ਰਾਤ ਨੂੰ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਅਤੇ ਆਤਿਸ਼ਬਾਜ਼ੀ ਵੀ ਚਲਾਈ ਜਾਵੇਗੀ। ਭਲਕੇ ਵੀਰਵਾਰ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਲਈ ਰਵਾਨਾ ਹੋਵੇਗਾ।

Add a Comment

Your email address will not be published. Required fields are marked *