ਇੰਦੌਰ ਦੇ ਖਾਲਸਾ ਕਾਲਜ ‘ਚ ਕਮਲਨਾਥ ਦੀ ਐਂਟਰੀ ਨੂੰ ਲੈ ਕੇ ਹੰਗਾਮਾ, ਭੜਕਿਆ ਰਾਗੀ ਜਥਾ

ਇੰਦੌਰ : ਮੰਗਲਵਾਰ ਇੰਦੌਰ ਦੇ ਖਾਲਸਾ ਕਾਲਜ ‘ਚ ਗੁਰੂ ਨਾਨਕ ਜਯੰਤੀ ਦੇ ਇਕ ਪ੍ਰੋਗਰਾਮ ਵਿੱਚ ਕਮਲਨਾਥ ਦਾ ਜ਼ਬਰਦਸਤ ਵਿਰੋਧ ਹੋਇਆ ਅਤੇ ਉਨ੍ਹਾਂ ਖ਼ਿਲਾਫ਼ ਨਾਅਰੇ ਵੀ ਲੱਗੇ। ਇੱਥੇ ਪੁੱਜੇ ਕੀਰਤਨੀਏ ਮਨਪ੍ਰੀਤ ਸਿੰਘ ਕਾਨਪੁਰੀ ਨੇ ਸਟੇਜ ਤੋਂ ਕਮਲਨਾਥ ਦਾ ਵਿਰੋਧ ਕੀਤਾ। 1984 ਦੇ ਦੰਗਿਆਂ ‘ਚ ਕਮਲਨਾਥ ਦਾ ਨਾਂ ਸ਼ਾਮਲ ਹੋਣ ਕਾਰਨ ਇਹ ਵਿਰੋਧ ਕੀਤਾ ਗਿਆ।

ਦਰਅਸਲ, ਮੰਗਲਵਾਰ ਦੁਪਹਿਰ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਇੰਦੌਰ ਦੇ ਖਾਲਸਾ ਸਟੇਡੀਅਮ ‘ਚ ਸਿੱਖ ਸਮਾਜ ਵੱਲੋਂ ਆਯੋਜਿਤ ਗੁਰੂ ਨਾਨਕ ਜਯੰਤੀ ਦੇ ਪ੍ਰੋਗਰਾਮ ‘ਚ ਸ਼ਿਰਕਤ ਕੀਤੀ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਭਰੀ ਸਭਾ ਵਿੱਚ ਮੁੱਖ ਕੀਰਤਨੀਏ ਮਨਪ੍ਰੀਤ ਸਿੰਘ ਕਾਨਪੁਰੀ ਨੇ ਕਮਲਨਾਥ ਦੇ ਨਾ ਆਉਣ ’ਤੇ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ 84 ਦੇ ਦੰਗਿਆਂ ਦੌਰਾਨ ਗਲ਼ਾਂ ‘ਚ ਟਾਇਰ ਪਾ ਕੇ ਸਿੱਖ ਨੂੰ ਜ਼ਿੰਦਾ ਸਾੜਿਆ ਸੀ, ਉਸ ਨੂੰ ਪ੍ਰੋਗਰਾਮ ਵਿੱਚ ਕਿਉਂ ਸੱਦਿਆ ਗਿਆ। ਉਨ੍ਹਾਂ ਕਿਹਾ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਤੁਸੀਂ ਕਿਸ ਸਿਧਾਂਤ ਦੀ ਗੱਲ ਕਰ ਰਹੇ ਹੋ, ਇਹ ਕੀ ਰਾਜਨੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਨੂੰ ਰਾਜਨੀਤਕ ਪ੍ਰੋਗਰਾਮ ਬਣਾ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕੀਰਤਨ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮੈਂ ਅੱਜ ਕੀਰਤਨ ਨਹੀਂ ਕਰਾਂਗਾ। ਉਨ੍ਹਾਂ ਕਿਹਾ ਕਿ ਮੈਂ ਇਸ ਵਾਅਦੇ ਨਾਲ ਜਾ ਰਿਹਾ ਹਾਂ ਕਿ ਮੈਂ ਦੁਬਾਰਾ ਕਦੇ ਇੰਦੌਰ ਨਹੀਂ ਆਵਾਂਗਾ। ਇਸ ਦੌਰਾਨ ਕੁਝ ਕਾਂਗਰਸੀਆਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ।

ਦੱਸ ਦੇਈਏ ਕਿ 1984 ‘ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਦੰਗਿਆਂ ‘ਚ ਕਈ ਸਿੱਖ ਮਾਰੇ ਗਏ ਸਨ। ਉਸ ਸਮੇਂ ਕਮਲਨਾਥ ‘ਤੇ ਦੰਗੇ ਭੜਕਾਉਣ ਦੇ ਦੋਸ਼ ਲੱਗੇ ਸਨ। ਉਨ੍ਹਾਂ ਦੇ ਨਾਲ ਹੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ‘ਤੇ ਵੀ ਇਹ ਦੋਸ਼ ਲੱਗੇ ਸਨ। ਕਮਲਨਾਥ ਨੇ ਹਮੇਸ਼ਾ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਪਾਰਟੀ ਦੇ ਕਹਿਣ ‘ਤੇ ਭੀੜ ਨੂੰ ਹਮਲਾ ਰੋਕਣ ਲਈ ਪੁੱਛਣ ਅਤੇ ਸਮਝਾਉਣ ਲਈ ਉਥੇ ਗਏ ਸਨ ਪਰ ਅੱਜ ਤੱਕ ਸਿੱਖ ਸਮਾਜ ਉਨ੍ਹਾਂ ਦੰਗਿਆਂ ਨੂੰ ਨਹੀਂ ਭੁੱਲਿਆ ਤੇ ਇਸ ਮਾਮਲੇ ਨੂੰ ਲੈ ਕੇ ਕਈ ਲੋਕ ਅਜੇ ਵੀ ਕਮਲਨਾਥ ਤੋਂ ਨਾਰਾਜ਼ ਹਨ। ਇਹੀ ਨਾਰਾਜ਼ਗੀ ਇੰਦੌਰ ‘ਚ ਉਸ ਸਮੇਂ ਸਾਹਮਣੇ ਆਈ ਜਦੋਂ ਰਾਗੀ ਜਥੇ ਨੇ ਸਟੇਜ ਤੋਂ ਉਨ੍ਹਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ।

Add a Comment

Your email address will not be published. Required fields are marked *