ਗਲੇ ਦੀ ਇਨਫੈਕਸ਼ਨ ਕਾਰਨ ਲਕਸ਼ਯ ਸੇਨ ਨੇ ਆਸਟ੍ਰੇਲੀਅਨ ਓਪਨ ਤੋਂ ਨਾਂ ਲਿਆ ਵਾਪਸ
ਨਵੀਂ ਦਿੱਲੀ— ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੇ ਗਲੇ ਦੀ ਇਨਫੈਕਸ਼ਨ ਕਾਰਨ ਆਸਟ੍ਰੇਲੀਅਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ। ਅਲਮੋੜਾ ਦਾ 21 ਸਾਲਾ ਇਹ ਖਿਡਾਰੀ ਹਾਈਲੋ ਓਪਨ ਤੋਂ ਠੀਕ ਪਹਿਲਾਂ ਬੀਮਾਰ ਹੋ ਗਿਆ ਸੀ। ਹਾਲਾਂਕਿ ਉਸ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ ਪਰ ਉਹ ਪਹਿਲੇ ਦੌਰ ਵਿੱਚ ਹਾਂਗਕਾਂਗ ਦੇ ਐਨਜੀ ਕਾ ਲੋਂਗ ਐਂਗਸ ਤੋਂ ਹਾਰ ਗਿਆ ਸੀ।
ਆਸਟ੍ਰੇਲੀਅਨ ਓਪਨ 15 ਤੋਂ 20 ਨਵੰਬਰ ਦਰਮਿਆਨ ਸਿਡਨੀ ਵਿੱਚ ਖੇਡਿਆ ਜਾਵੇਗਾ। ਸੇਨ ਨੇ ਕਿਹਾ ਕਿ ਹਾਈਲੋ ਓਪਨ ਲਈ ਸਾਰਬਰਾਕਨ ਪਹੁੰਚਣ ਤੋਂ ਪਹਿਲਾਂ ਹੀ ਮੈਨੂੰ ਬੁਖਾਰ, ਗਲੇ ਵਿੱਚ ਖਰਾਸ਼ ਅਤੇ ਕਮਜ਼ੋਰੀ ਸੀ। ਮੈਨੂੰ ਸ਼ਾਇਦ ਪੈਰਿਸ ਤੋਂ ਯਾਤਰਾ ਕਰਦੇ ਸਮੇਂ ਲਾਗ ਲੱਗ ਗਈ ਸੀ। “ਮੈਂ ਸੋਚਿਆ ਕਿ ਇਹ ਗੰਭੀਰ ਨਹੀਂ ਹੈ ਅਤੇ ਇਸ ਲਈ ਮੈਂ ਪਿਛਲੇ ਐਤਵਾਰ ਅਤੇ ਸੋਮਵਾਰ ਨੂੰ ਅਭਿਆਸ ਕੀਤਾ।”
ਇਸ ਤੋਂ ਬਾਅਦ ਇਨਫੈਕਸ਼ਨ ਵਧ ਗਈ। ਮੈਂ ਆਨਲਾਈਨ ਡਾਕਟਰ ਨਾਲ ਸਲਾਹ ਕੀਤੀ ਅਤੇ ਫਿਰ ਦਵਾਈ ਲਈ। ਹੁਣ ਇਹ ਕੰਟਰੋਲ ‘ਚ ਹੈ ਪਰ ਹਾਲਾਤ ਨੂੰ ਦੇਖਦੇ ਹੋਏ ਮੈਂ ਆਸਟ੍ਰੇਲੀਅਨ ਓਪਨ ਤੋਂ ਹਟਣ ਦਾ ਫੈਸਲਾ ਕੀਤਾ ਹੈ। ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਨੇ ਕਿਹਾ ਕਿ ਉਸ ਕੋਲ ਵਿਸ਼ਵ ਟੂਰ ਫਾਈਨਲ ਲਈ ਕੁਆਲੀਫਾਈ ਕਰਨ ਦਾ ਕੋਈ ਮੌਕਾ ਨਹੀਂ ਹੈ ਅਤੇ ਇਹੀ ਟੂਰਨਾਮੈਂਟ ਤੋਂ ਹਟਣ ਦਾ ਇਕ ਕਾਰਨ ਸੀ।

ਉਸ ਨੇ ਕਿਹਾ ਕਿ ਮੈਂ ਟੂਰਨਾਮੈਂਟ ‘ਚ ਖੇਡਣ ਲਈ ਪਹਿਲਾਂ ਹੀ ਅਰਜ਼ੀ ਭੇਜ ਦਿੱਤੀ ਸੀ ਕਿਉਂਕਿ ਮੈਂ ਸੋਚਿਆ ਸੀ ਕਿ ਇਸ ਨਾਲ ਮੈਨੂੰ ਵਿਸ਼ਵ ਟੂਰ ਫਾਈਨਲ ‘ਚ ਕੁਆਲੀਫਾਈ ਕਰਨ ‘ਚ ਮਦਦ ਮਿਲੇਗੀ ਪਰ ਹੁਣ ਅਜਿਹਾ ਸੰਭਵ ਨਹੀਂ ਹੈ। ਇਸ ਲਈ ਕੁਝ ਹਫ਼ਤਿਆਂ ਲਈ ਆਰਾਮ ਕਰਨਾ ਅਤੇ ਪੂਰੀ ਫਿਟਨੈਸ ਮੁੜ ਪ੍ਰਾਪਤ ਕਰਨਾ ਬਿਹਤਰ ਹੈ ਤਾਂ ਜੋ ਮੈਂ ਅਗਲੇ ਸੈਸ਼ਨ ਲਈ ਤਿਆਰ ਹੋ ਸਕਾਂ।
