ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦੇ 5 ਸੁਰੱਖਿਆ ਮੁਲਾਜ਼ਮਾਂ ਨੂੰ ਕੀਤਾ ਮੁਅੱਤਲ

ਲੁਧਿਆਣਾ : ਸੋਸ਼ਲ ਮੀਡੀਆ ’ਤੇ ਆਪਣੀ ਬਿਆਨਬਾਜ਼ੀ ਨੂੰ ਲੈ ਕੇ ਚਰਚਾ ’ਚ ਰਹਿਣ ਵਾਲੇ ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਦੇ 5 ਸੁਰੱਖਿਆ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਪੁਲਸ ਕਮਿਸ਼ਨਰ ਨੇ ਡਿਊਟੀ ’ਚ ਕੋਤਾਹੀ ਵਰਤਣ ’ਤੇ ਉਨ੍ਹਾਂ ਨੂੰ ਮੁਅੱਤਲ ਕੀਤਾ ਹੈ। ਗੁਰਸਿਮਰਨ ਸਿੰਘ ਮੰਡ ਕੋਲ ਇਸ ਤੋਂ ਪਹਿਲਾਂ ਕੁੱਲ 10 ਸੁਰੱਖਿਆ ਮੁਲਾਜ਼ਮ ਮੌਜੂਦ ਸਨ। ਹਾਲਾਂਕਿ ਇਸ ਮਾਮਲੇ ’ਚ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਪਰ ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਹੁਣ ਉਨ੍ਹਾਂ ਕੋਲ 10 ਦੀ ਜਗ੍ਹਾ ਸਿਰਫ 5 ਸੁਰੱਖਿਆ ਮੁਲਾਜ਼ਮ ਹੀ ਰਹਿ ਗਏ ਹਨ। ਮੁਅੱਤਲ ਕੀਤੇ ਮੁਲਾਜ਼ਮਾਂ ਦੀ ਜਗ੍ਹਾ ਨਵੇਂ ਨਹੀਂ ਲਗਾਏ ਗਏ ਹਨ। ਅਸਲ ’ਚ ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਲਗਾਤਾਰ ਕੱਟੜਪੰਥੀਆਂ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਸਨ।

ਇਸ ਦੇ ਲਈ ਉਨ੍ਹਾਂ ਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ ਪਰ ਹਿੰਦੂ ਨੇਤਾ ਸੂਰੀ ਦੇ ਕਤਲ ਤੋਂ ਬਾਅਦ ਪਾਕਿਸਤਾਨ ’ਚ ਬੈਠੇ ਗੋਪਾਲ ਚਾਵਲਾ ਨੇ ਇਕ ਵੀਡੀਓ ਜਾਰੀ ਕਰ ਕੇ ਮੰਡ ਅਤੇ ਅਰੋੜਾ ਨੂੰ ਧਮਕੀ ਦਿੱਤੀ ਸੀ ਕਿ ਹੁਣ ਉਨ੍ਹਾਂ ਦੀ ਵਾਰੀ ਹੈ। ਇਸ ਲਈ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਅਤੇ ਉਨ੍ਹਾਂ ਨੂੰ ਸੁਰੱਖਿਆ ਦੇ ਲਿਹਾਜ ਨਾਲ ਬੁਲੇਟ ਪਰੂਫ ਜੈਕੇਟ ਵੀ ਦੇ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਸੀ। ਗੁਰਸਿਮਰਨ ਸਿੰਘ ਮੰਡ ਦਾ ਕਹਿਣਾ ਹੈ ਕਿ ਸੂਰੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਵੱਖ-ਵੱਖ ਨੰਬਰਾਂ ਤੋਂ ਅਤੇ ਗੋਲਡੀ ਬਰਾੜ ਦੇ ਨਾਂ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀ ਹਨ। ਇਸ ਸਬੰਧੀ ਉਨ੍ਹਾਂ ਨੇ ਡੀ. ਜੀ. ਪੀ. ਅਤੇ ਸੀ. ਪੀ. ਨੂੰ ਸ਼ਿਕਾਇਤ ਵੀ ਦਿੱਤੀ ਹੈ ਪਰ ਉਨ੍ਹਾਂ ਦੀ ਸੁਰੱਖਿਆ ’ਚ ਮੌਜੂਦ ਸੁਰੱਖਿਆ ਮੁਲਾਜ਼ਮ ਅਲਰਟ ਰਹਿਣ ਦੀ ਬਜਾਏ ਬਿਨਾਂ ਦੱਸੇ ਇਧਰ-ਉਧਰ ਚਲੇ ਜਾਂਦੇ ਹਨ। ਇਸ ਨਾਲ ਉਨ੍ਹਾਂ ’ਤੇ ਖ਼ਤਰਾ ਮੰਡਰਾਇਆ ਰਹਿੰਦਾ ਹੈ। ਇਸ ਲਈ ਉਨ੍ਹਾਂ ਨੇ ਸਾਰੀ ਗੱਲ ਪੁਲਸ ਕਮਿਸ਼ਨਰ ਨੂੰ ਦੱਸੀ, ਜਿਸ ਤੋਂ ਬਾਅਦ ਪੁਲਸ ਕਮਿਸ਼ਨਰ ਵੱਲੋਂ ਉਨ੍ਹਾਂ ਦੀ ਸੁਰੱਖਿਆ ’ਚ ਤਾਇਨਾਤ 5 ਸੁਰੱਖਿਆ ਮੁਲਾਜ਼ਮਾਂ ਨੂੰ ਲਾਪਰਵਾਹੀ ਵਰਤਣ ਦੇ ਦੋਸ਼ ’ਚ ਮੁਅੱਤਲ ਕਰ ਦਿੱਤਾ ਗਿਆ।

Add a Comment

Your email address will not be published. Required fields are marked *