ਭਾਜਪਾ ਤੇ ਆਮ ਆਦਮੀ ਪਾਰਟੀ ਇੱਕ ਹੀ ਟੀਮ: ਕਨ੍ਹੱਈਆ ਕੁਮਾਰ

ਅਹਿਮਦਾਬਾਦ, 7 ਨਵੰਬਰ

ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਕਾਂਗਰਸ ਆਗੂ ਕਨ੍ਹੱਈਆ ਕੁਮਾਰ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਤੇ ਭਾਜਪਾ ਇਕੋ ਟੀਮ ਹੈ ਤੇ ਇਕ ਜਣਾ ਦੂਜੇ ਦੀ ਨਕਲ ਕਰ ਰਿਹਾ ਹੈ। ਇਕ ਇੰਟਰਵਿਊ ਵਿਚ ਕਨ੍ਹੱਈਆ ਨੇ ਕਿਹਾ ਕਿ ਭਾਜਪਾ ਵਿਚਾਰਧਾਰਾ ਰੱਖਣ ਵਾਲੀ ਤੇ ਕੇਡਰ ਆਧਾਰਿਤ ਪਾਰਟੀ ਹੈ ਅਤੇ ਕਾਂਗਰਸ ਹੀ ਇਸ ਦਾ ਸੁਭਾਵਿਕ ਵਿਰੋਧੀ ਹੈ ਜੋ ਕਿ ਮੁਲਕ ਨੂੰ ਵਿਚਾਰਧਾਰਕ ਬਦਲ ਉਪਲੱਬਧ ਕਰਾਉਂਦੀ ਹੈ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਗੁਜਰਾਤ ਵਿਚ ਖ਼ੁਦ ਨੂੰ ਭਾਜਪਾ ਦਾ ਮੁੱਖ ਵਿਰੋਧੀ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਐੱਨਯੂ ਦੇ ਸਾਬਕਾ ਵਿਦਿਆਰਥੀ ਆਗੂ ਨੇ ਇੱਥੇ ਕਿਹਾ, ‘ਧਾਰਨਾ ਇਹ ਹੈ ਕਿ ਜੋ ਗੁਜਰਾਤ ਅੱਜ ਸੋਚਦਾ ਹੈ, ਭਾਰਤ ਉਹੀ ਭਲਕੇ ਸੋਚਦਾ ਹੈ। ਨਵੀਆਂ ਕਈ ਚੀਜ਼ਾਂ ਗੁਜਰਾਤ ਤੋਂ ਸ਼ੁਰੂ ਹੁੰਦੀਆਂ ਹਨ। ਅਸੀਂ ਆਸ ਕਰਦੇ ਹਾਂ ਕਿ ਇੱਥੋਂ ਕੋਈ ਸਿਆਸੀ ਸੁਨੇਹਾ ਮਿਲੇਗਾ। ਜੇ ਲੋਕ ਭਾਜਪਾ ਤੋਂ ਖ਼ੁਸ਼ ਹਨ, ਤਾਂ ਉਨ੍ਹਾਂ ਨੂੰ ਚੁਣਨ ਦਿਓ, ਪਰ ਜੇ ਲੋਕ ਬਦਲਾਅ ਚਾਹੁੰਦੇ ਹੋਣਗੇ ਤਾਂ ਉਹ ਕਾਂਗਰਸ ਨੂੰ ਮੌਕਾ ਦੇਣਗੇ।’ ਕਨ੍ਹੱਈਆ ਕੁਮਾਰ ਇੱਥੇ ਪਾਰਟੀ ਦੀ ‘ਪਰਿਵਰਤਨ ਸੰਕਲਪ ਯਾਤਰਾ’ ਵਿਚ ਹਿੱਸਾ ਲੈਣ ਆਏ ਸਨ। ਕਾਂਗਰਸ ਆਗੂ ਨੇ ਦਾਅਵਾ ਕੀਤਾ, ‘ਭਾਜਪਾ ਨੂੰ 2017 ਵਿਚ ਪਤਾ ਲੱਗ ਗਿਆ ਸੀ ਕਿ ਇਹ ਅਗਲੀਆਂ ਗੁਜਰਾਤ ਚੋਣਾਂ ਨਹੀਂ ਜਿੱਤ ਸਕਦੀ, ਇਸ ਲਈ ਇਹ ‘ਆਪ’ ਨੂੰ ਇੱਥੇ ਲੈ ਆਈ। ਏ ਟੀਮ ਜਾਂ ਬੀ ਟੀਮ ਦਾ ਕੋਈ ਸਵਾਲ ਹੀ ਨਹੀਂ ਹੈ, ਭਾਜਪਾ ਤੇ ‘ਆਪ’ ਇਕੋ ਟੀਮ ਹੈ।’ 

Add a Comment

Your email address will not be published. Required fields are marked *