‘ਸੱਤਾ ਦੀ ਦੁਰਵਰਤੋਂ’ ਖ਼ਿਲਾਫ਼ ਇਮਰਾਨ ਵੱਲੋਂ ਰਾਸ਼ਟਰਪਤੀ ਨੂੰ ਪੱਤਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੁਲਕ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੂੰ ਪੱਤਰ ਲਿਖ ਕੇ ‘ਤਾਕਤ ਦੀ ਦੁਰਵਰਤੋਂ’ ਰੋਕਣ ਲਈ ਤੁਰੰਤ ਕਦਮ ਚੁੱਕਣ ਦਾ ਸੱਦਾ ਦਿੱਤਾ ਹੈ। ਇਮਰਾਨ ਨੇ ਦੋਸ਼ ਲਾਇਆ ਕਿ ਸਰਕਾਰ ਵਿਚ ਬੈਠੇ ‘ਗੁੰਡਾ ਅਨਸਰ’ ਨਾਗਰਿਕਾਂ ਦਾ ਵੱਡੇ ਪੱਧਰ ਉਤੇ ‘ਘਾਣ’ ਕਰ ਰਹੇ ਹਨ। ਪੱਤਰ ਵਿਚ ਸਾਬਕਾ ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਹੈ ਕਿ ਜਦ ਤੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਸੱਤਾ ਤੋਂ ਲਾਂਭੇ ਹੋਈ ਹੈ, ਦੇਸ਼ ਵਿਚ ਝੂਠੇ ਇਲਜ਼ਾਮ, ਹਿਰਾਸਤੀ ਤਸ਼ੱਦਦ ਤੇ ਗ੍ਰਿਫ਼ਤਾਰੀਆਂ ਬਹੁਤ ਵਧ ਗਈਆਂ ਹਨ। ਖਾਨ (70) ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਮੰਤਰੀ ਰਾਣਾ ਸਨਾਉੱਲ੍ਹਾ ’ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਹੈ। ਇਮਰਾਨ ਨੇ ਰਾਸ਼ਟਰਪਤੀ ਤੋਂ ਇਸ ਸਾਰੇ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਮਰਾਨ ਖਾਨ ਸ਼ਾਹਬਾਜ਼ ਸ਼ਰੀਫ਼ ਸਰਕਾਰ ਖ਼ਿਲਾਫ਼ ਰੋਸ ਮਾਰਚ ਦੀ ਅਗਵਾਈ ਕਰ ਰਹੇ ਹਨ ਤੇ ਵੀਰਵਾਰ ਉਨ੍ਹਾਂ ਦੇ ਕਾਫ਼ਲੇ ਉਤੇ ਇਕ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਸਨ। ਹਮਲੇ ਵਿਚ ਇਮਰਾਨ ਫੱਟੜ ਹੋ ਗਏ ਸਨ। ਇਸੇ ਦੌਰਾਨ ਅੱਜ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਪੰਜਾਬ ਦੇ ਆਈਜੀ ਨੂੰ ਹੁਕਮ ਦਿੱਤਾ ਹੈ ਕਿ ਇਮਰਾਨ ਖਾਨ ਉਤੇ ਹੋਏ ਹਮਲੇ ਦੇ ਮਾਮਲੇ ਵਿਚ 24 ਘੰਟੇ ਦੇ ਅੰਦਰ ਕੇਸ ਦਰਜ ਕੀਤਾ ਜਾਵੇ। ਪੀਟੀਆਈ ਨੇ ਇਸ ਨੂੰ ਨਿਆਂ ਮਿਲਣ ਵੱਲ ਪਹਿਲਾ ਕਦਮ ਕਰਾਰ ਦਿੱਤਾ ਹੈ। -ਪੀਟੀਆਈ
ਇਮਰਾਨ ਦੇ ਠੀਕ ਹੋਣ ਤੱਕ ਕੁਰੈਸ਼ੀ ਕਰਨਗੇ ਮਾਰਚ ਦੀ ਅਗਵਾਈ
ਇਮਰਾਨ ਖਾਨ ਦੇ ਪੂਰੀ ਤਰ੍ਹਾਂ ਸਿਹਤਯਾਬ ਹੋਣ ਤੱਕ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਤੇ ਪੀਟੀਆਈ ਆਗੂ ਸ਼ਾਹ ਮਹਿਮੂਦ ਕੁਰੈਸ਼ੀ ਪਾਰਟੀ ਦੇ ਮਾਰਚ ਦੀ ਅਗਵਾਈ ਕਰਨਗੇ। ਜ਼ਿਕਰਯੋਗ ਹੈ ਕਿ ਖਾਨ ਦੀ ਲੱਤ ਵਿਚ ਗੋਲੀ ਲੱਗੀ ਸੀ। ਰੋਸ ਮਾਰਚ ਘਟਨਾ ਵਾਲੀ ਥਾਂ ਤੋਂ ਹੀ ਮੁੜ ਸ਼ੁਰੂ ਹੋਵੇਗਾ। ਇਮਰਾਨ ਨੂੰ ਐਤਵਾਰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਲਾਹੌਰ ਵਿਚ ਆਰਾਮ ਕਰ ਰਹੇ ਹਨ। ਕੁਰੈਸ਼ੀ ਨੇ ਕਿਹਾ ਕਿ ਖਾਨ ਰਾਵਲਪਿੰਡੀ ਵਿਚ ਮਾਰਚ ਦਾ ਹਿੱਸਾ ਬਣਨਗੇ।

