ਵਰ੍ਹਦੇ ਮੀਂਹ ‘ਚ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਤੇ ਖ਼ਾਲਸਾਈ ਸ਼ਾਨੋ-ਸ਼ੌਕਤ ‘ਚ ਰੰਗੀ ਗਈ ਇੰਗਲੈਂਡ ਦੀ ਧਰਤੀ

ਲੰਡਨ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਹੈਵਲਕ ਰੋਡ ਤੋਂ ਮਹਾਨ ਨਗਰ ਕੀਰਤਨ ਸਜਾਇਆ ਗਿਆ। ਸੁੰਦਰ ਪਾਲਕੀ ‘ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਗਲੀਆਂ ‘ਚੋਂ ਲੰਘਦਾ ਹੋਇਆ ਗੁਰਦੁਆਰਾ ਸਿੰਘ ਸਭਾ ਸਾਊਥਾਲ ਪਾਰਕ ਐਵੀਨਿਊ ਵਿਖੇ ਸੰਪੰਨ ਹੋਇਆ।

ਇਸ ਨਗਰ ਕੀਰਤਨ ਦੌਰਾਨ ਜਿੱਥੇ ਵੱਡੀ ਗਿਣਤੀ ‘ਚ ਯੂਰਪ ਤੇ ਇੰਗਲੈਂਡ ਦੀਆਂ ਸੰਗਤਾਂ ਨੇ ਭਾਰੀ ਵਰ੍ਹਦੇ ਮੀਂਹ ‘ਚ ਨਤਮਸਤਕ ਹੋ ਕੇ ਆਪਣੀ ਆਪਣੀ ਹਾਜ਼ਰੀ ਲਗਵਾਈ, ਉੱਥੇ ਹੀ ਵੱਖ-ਵੱਖ ਕੀਰਤਨੀ ਜਥਿਆਂ ਤੇ ਖ਼ਾਲਸਾਈ ਸ਼ਾਨੋ ਸ਼ੌਕਤ ‘ਚ ਸਜਾਏ ਇਸ ਨਗਰ ਕੀਰਤਨ ਵਿੱਚ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਤੇ ਕੇਸਰੀ ਦਸਤਾਰਾਂ ਤੇ ਝੂਲਦੇ ਨਿਸ਼ਾਨ ਸਾਹਿਬ ਨੇ ਇੰਗਲੈਂਡ ਦੀ ਧਰਤੀ ਨੂੰ ਖ਼ਾਲਸਾਈ ਸ਼ਾਨੋ ਸ਼ੌਕਤ ‘ਚ ਰੰਗ ਦਿੱਤਾ ।

ਇਸ ਨਗਰ ਕੀਰਤਨ ‘ਚ ਜਿਥੇ ਪੰਜ ਪਿਆਰਿਆਂ ਦੇ ਤੌਰ ‘ਤੇ ਜਗਜੀਤ ਸਿੰਘ, ਲਖਵਿੰਦਰ ਸਿੰਘ, ਮਨਪ੍ਰੀਤ ਸਿੰਘ, ਤਰਨਵੀਰ ਸਿੰਘ ਤੇ ਬੋਧੀ ਸਿੰਘ ਨੇ ਵਿਸ਼ੇਸ਼ ਸੇਵਾ ਨਿਭਾਈ, ਉੱਥੇ ਹੀ ਇਸ ਦੌਰਾਨ ਪਾਲਕੀ ਸਾਹਿਬ ਦੀ ਸੇਵਾ ਨਿਭਾ ਰਹੇ ਤਰਸੇਮ ਸਿੰਘ, ਜਗਦੀਸ਼ ਸਿੰਘ ਜੌਹਲ, ਸੁਖਦੇਵ ਸਿੰਘ ਔਜਲਾ ਤੇ ਬਿੰਦੀ ਸੋਹੀ, ਭੁਪਿੰਦਰ ਸਿੰਘ ਸੋਹੀ, ਰਵਿੰਦਰ ਸਿੰਘ ਧਾਲੀਵਾਲ, ਸ਼ਰਨਬੀਰ ਸਿੰਘ ਸੰਘਾ, ਮਨਜੀਤ ਸਿੰਘ ਆਦਿ ਦੀ ਹਾਜ਼ਰੀ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਸੇਵਾਦਾਰ ਹਿੰਮਤ ਸਿੰਘ ਸੋਹੀ ਤੇ ਹਰਮੀਤ ਸਿੰਘ ਗਿੱਲ ਨੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਇੱਕ ਧਰਮ ਦੇ ਗੁਰੂ ਨਹੀਂ ਸਨ, ਸਗੋਂ ਉਹ ਤਾਂ ਸਮੁੱਚੀ ਮਨੁੱਖਤਾ ਦੇ ਮਾਲਕ ਸਨ। ਉਨ੍ਹਾਂ ਵੱਲੋਂ ਰਚਿਤ ਗੁਰਬਾਣੀ ਨੂੰ ਪੜ੍ਹ ਸੁਣ ਕੇ ਸਾਨੂੰ ਉਸ ਉੱਪਰ ਅਮਲ ਕਰਨ ਦੀ ਲੋੜ ਹੈ।ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਵੰਡ ਛੱਕੋ ਦੇ ਦਿੱਤੇ ਸੰਦੇਸ਼ ਨੂੰ ਜਨ ਜਨ ਤੱਕ ਪਹੁੰਚਾਉਣ ਦੀ ਲੋੜ ਹੈ। ਉਕਤ ਵਿਸ਼ਾਲ ਨਗਰ ਕੀਰਤਨ ‘ਚ ਲੰਡਨ ਦੇ ਵੱਖ ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਉਤਸ਼ਾਹ ਨਾਲ ਸ਼ਾਮਲ ਹੋਈਆਂ। ਨਗਰ ਕੀਰਤਨ ਚ ਸ਼ਾਮਲ ਸੰਗਤਾਂ ਲਈ ਥਾਂ-ਥਾਂ ਗੁਰੂ ਕੇ ਲੰਗਰ ,ਚਾਹ – ਪਕੌੜੇ, ਫਲ ਤੇ ਕੋਲਡ ਡਰਿੰਕਸ ਆਦਿ ਦੇ ਅਟੁੱਟ ਲੰਗਰ ਵਰਤਾਏ ਗਏ । ਇਸ ਦੌਰਾਨ ਤਰਸੇਮ ਸਿੰਘ, ਹਿੰਮਤ ਸਿੰਘ ਸੋਹੀ ,ਕੁਲਵੰਤ ਸਿੰਘ ਭਿੰਡਰ ,ਹਰਮੀਤ ਸਿੰਘ ਗਿੱਲ, ਜਗਦੀਸ਼ ਸਿੰਘ ਜੌਹਲ, , ਸੁਖਦੇਵ ਸਿੰਘ ਔਜਲਾ, ਬਿੰਦੀ ਸੋਹੀ ,ਭੁਪਿੰਦਰ ਸਿੰਘ ਸੋਹੀ ,ਰਵਿੰਦਰ ਸਿੰਘ ਧਾਲੀਵਾਲ, ਸ਼ਰਨਬੀਰ ਸਿੰਘ ਸੰਘਾ ,ਮਨਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ, ਬੱਚਿਆਂ ਵੱਲੋਂ ਨਿਸ਼ਕਾਮ ਸੇਵਾ ਕੀਤੀ ਗਈ।

Add a Comment

Your email address will not be published. Required fields are marked *