ਮੁਹੱਬਤੀ ਗੀਤਾਂ ਦੇ ਰਚੇਤਾ ਰਾਜ ਕਾਕੜਾ ਹੋਏ ਮੈਲਬੌਰਨ ਵਾਸੀਆਂ ਦੇ ਰੂ-ਬ-ਰੂ

ਮੈਲਬੌਰਨ- ਅਨੇਕਾਂ ਮੋਹ ਭਰੇ ਗੀਤ ਲਿਖਣ ਵਾਲੇ ਪ੍ਰਸਿੱਧ ਗਾਇਕ ਅਤੇ ਗੀਤਕਾਰ ਰਾਜ ਕਾਕੜਾ  ਅੱਜ-ਕੱਲ ਆਸਟ੍ਰੇਲੀਆ ਦੌਰੇ ‘ਤੇ ਹਨ। ਬੀਤੇ ਦਿਨ ਮੈਲਬੌਰਨ ਦੇ ਇਲਾਕੇ ਸਨਸ਼ਾਈਨ ਵੈਸਟ ਵਿਖੇ ਸਥਿਤ ਪੰਜਾਬ ਗਰਿੱਲ ਇੰਡੀਅਨ ਰੈਸਟੋਰੈਂਟ ਵਿੱਚ ਗਾਇਕ,ਗੀਤਕਾਰ ਤੇ ਅਦਾਕਾਰ ਰਾਜ ਕਾਕੜਾ ਨਾਲ ਮਿਲਣੀ ਸਮਾਗਮ ਰੱਖਿਆ ਗਿਆ। ਭਾਵੇਂ ਕਿ ਪੰਜਾਬੀ ਗੀਤਕਾਰੀ  ਦੇ ਮੁਕਾਮ ‘ਤੇ ਅਨੇਕਾਂ ਨਾਮ ਦਰਜ ਹਨ ਪਰ ਰਾਜ ਕਾਕੜੇ ਦੇ ਨਾਂ ਦੀ ਸਭ ਤੋਂ ਵੱਖਰੀ ਚਮਕ ਹੈ। 

‘ਗਿੱਧੇ ‘ਚ ਗੁਲਾਬੋ ਨੱਚਦੀ’ ਤੋਂ ਅਜਿਹੀ ਕਲਮ ਚੱਲਣੀ ਸ਼ੁਰੂ ਹੋਈ ਕਿ ਪਿਛਲੇ ਸਾਢੇ ਤਿੰਨ ਦਹਾਕਿਆਂ ਵਿੱਚ 450 ਗੀਤ ਕਲਮਬੱਧ ਕਰ ਛੱਡੇ। ਪੰਜਾਬੀ ਫ਼ਿਲਮ ‘ਕੌਮ ਦੇ ਹੀਰੇ’, ‘ਪੱਤਾ ਪੱਤਾ ਸਿੰਘਾਂ ਦਾ ਵੈਰੀ’, ‘ਧਰਮਯੁੱਧ ਮੋਰਚਾ’ ਅਤੇ ‘ਪਦਮ ਸ਼੍ਰੀ ਕੌਰ ਸਿੰਘ’ ਵਰਗੀਆਂ ਲੀਕ ਤੋਂ ਹੱਟ ਕੇ ਫਿਲਮਾਂ ਵਿੱਚ ਅਦਾਕਾਰੀ ਕਰਨ ਵਾਲੇ ਰਾਜ ਨੇ ਜੀਅ ਖੋਲ੍ਹ ਕੇ ਗੱਲਾਂ ਕੀਤੀਆਂ। ਕਿਸਾਨ ਮੋਰਚੇ ਵੇਲੇ ਸਰਗਰਮ ਰੋਲ ਨਿਭਾਉਣ ਵਾਲੇ ਠਰੰਮੀ ਸਖ਼ਸੀਅਤ ਵਾਲੇ ਰਾਜ ਨੇ ਇਨਕਲਾਬੀ ਸ਼ਾਇਰੀ ਵੀ ਕੀਤੀ ਅਤੇ “ਪੰਜਾਬੀਓ ਚਿੜੀ ਬਣਨਾ ਕਿ ਬਾਜ਼” ਵਰਗੇ ਗੀਤਾਂ ਨੂੰ ਆਵਾਜ਼ ਵੀ ਦਿੱਤੀ। ਪੰਜਾਬੀ ਬੋਲੀ ਅਤੇ ਸਾਹਿਤ ਦੀ ਸੂਖਮ ਜਾਚ ਰੱਖਣ ਵਾਲੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਕੜਾ ਦੇ ਜੰਮਪਲ ਰਾਜ ਨੇ ਮੈਲਬੌਰਨ ਵਾਸੀਆਂ ਨਾਲ ‘ਮਹਿਫ਼ਿਲ ਏ ਖ਼ਾਸ’ ਦੌਰਾਨ ਮਾਹੌਲ ਬੰਨ੍ਹ ਛੱਡਿਆ। ਇਸ ਮੌਕੇ ਰੇਡੀਓ ‘ਹਾਂਜੀ’ ਤੋਂ ਰਣਜੋਧ ਸਿੰਘ ,ਜਗਰੂਪ ਬੁੱਟਰ , ਜਸਕਰਨ ਸਿੱਧੂ ਸਮੇਤ ਕਈ ਸ਼ਖ਼ਸੀਅਤਾਂ ਹਾਜ਼ਰ ਸਨ  ।

Add a Comment

Your email address will not be published. Required fields are marked *