ਨਿਊਜ਼ੀਲੈਂਡ ਸੈਮੀਫਾਈਨਲ ’ਚ, ਮੇਜ਼ਬਾਨਾਂ ’ਤੇ ਖ਼ਤਰੇ ਦੇ ਬੱਦਲ

ਨਿਊਜ਼ੀਲੈਂਡ ਦੀ ਜਿੱਤ ਵਿੱਚ ਕਪਤਾਨ ਕੇਨ ਵਿਲੀਅਮਸਨ ਨੇ 35 ਗੇਂਦਾਂ ਵਿੱਚ 61 ਦੌੜਾਂ ਦੀ ਪਾਰੀ ਖੇਡਦਿਆਂ ਅਹਿਮ ਯੋਗਦਾਨ ਪਾਇਆ। ਨਿਊਜ਼ੀਲੈਂਡ ਇੱਕ ਵੇਲੇ 200 ਦੌੜਾਂ ਤੋਂ ਪਾਰ ਜਾਂਦੀ ਦਿਖਾਈ ਦੇ ਰਹੀ ਸੀ ਪਰ ਆਇਰਿਸ਼ ਗੇਂਦਬਾਜ਼ ਜੋਸ਼ੂਆ ਲਿਟਲ ਨੇ ਹੈਟ੍ਰਿਕ ਲੈ ਕੇ ਉਸ ਨੂੰ 185 ਦੌੜਾਂ ’ਤੇ ਹੀ ਰੋਕ ਲਿਆ। ਜਵਾਬ ਵਿੱਚ ਆਰਿਲੈਂਡ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ’ਤੇ 150 ਦੌੜਾਂ ਹੀ ਬਣਾ ਸਕੀ।

ਉਧਰ ਮੇਜ਼ਬਾਨ ਆਸਟਰੇਲੀਆ ਅੱਜ ਇੱਥੇ ਅਫਗਾਨਿਸਤਾਨ ਨੂੰ ਹਰਾ ਕੇ ਪੰਜ ਮੈਚਾਂ ਵਿੱਚ ਸੱਤ ਅੰਕਾਂ ਨਾਲ ਗਰੁੱਪ-1 ਵਿੱਚ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਜੇ ਭਲਕੇ ਇੰਗਲੈਂਡ, ਸ੍ਰੀਲੰਕਾ ਨੂੰ ਹਰਾ ਦਿੰਦਾ ਹੈ ਤਾਂ ਉਸ ਦੇ ਵੀ ਸੱਤ ਅੰਕ ਹੋ ਜਾਣਗੇ ਅਤੇ ਉਹ ਗਰੁੱਪ-1 ’ਚੋਂ ਨਿਊਜ਼ੀਲੈਂਡ ਨਾਲ ਸੈਮੀਫਾਈਨਲ ਵਿੱਚ ਜਗ੍ਹਾ ਬਣਾਵੇਗੀ। ਇਸੇ ਤਰ੍ਹਾਂ ਜੇ ਸ੍ਰੀਲੰਕਾ ਮੈਚ ਜਿੱਤਦਾ ਹੈ ਤਾਂ ਆਸਟਰੇਲੀਆ ਸੈਮੀਫਾਈਨਲ ਵਿੱਚ ਪਹੁੰਚ ਸਕਦਾ ਹੈ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਗਲੈਨ ਮੈਕਸਵੈਲ ਦੀਆਂ ਨਾਬਾਦ 54 ਅਤੇ ਮਿਚੇਲ ਮਾਰਸ਼ ਦੀਆਂ 45 ਦੌੜਾਂ ਦੀ ਬਦੌਲਤ ਆਸਟਰੇਲੀਆ ਨੇ ਨਿਰਧਾਰਤ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ’ਤੇ 168 ਦੌੜਾਂ ਬਣਾਈਆਂ। ਅਫਗਾਨਿਸਤਾਨ ਵੱਲੋਂ ਨਵੀਨ-ਉਲ-ਹੱਕ ਨੇ ਤਿੰਨ, ਫਜ਼ਲਹੱਕ ਫਾਰੂਕੀ ਨੇ ਦੋ ਅਤੇ ਮੁਜੀਬ-ਉਰ-ਰਹਿਮਾਨ ਅਤੇ ਰਾਸ਼ਿਦ ਖਾਨ ਨੇ ਇੱਕ-ਇੱਕ ਵਿਕਟ ਲਈ। ਟੀਚੇ ਦਾ ਪਿੱਛਾ ਕਰਦਿਆਂ ਅਫਗਾਨਿਸਤਾਨ 20 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 164 ਦੌੜਾਂ ਹੀ ਬਣਾ ਸਕੀ। ਅਫਗਾਨਿਸਤਾਨ ਵੱਲੋਂ ਰਾਸ਼ਿਦ ਖਾਨ ਨੇ ਸਭ ਤੋਂ ਵੱਧ 48 ਦੌੜਾਂ ਬਣਾਈਆਂ। ਆਸਟਰੇਲੀਆ ਦੇ ਹੇਜ਼ਲਵੁੱਡ ਅਤੇ ਐਡਮ ਜ਼ਾਂਪਾ ਨੇ ਦੋ-ਦੋ ਅਤੇ ਕੇਨ ਰਿਚਰਡਸਨ ਨੇ ਇੱਕ ਵਿਕਟ ਲਈ।

Add a Comment

Your email address will not be published. Required fields are marked *