ਦਿੱਗਜ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ

ਨਵੀਂ ਦਿੱਲੀ  – ਭਾਰਤ ਦੇ ਦਿੱਗਜ ਟੇਬਲ ਟੈਨਿਸ ਖਿਡਾਰੀ ਅਤੇ ਦੋ ਵਾਰ ਦੇ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਅਚੰਤ ਸ਼ਰਤ ਕਮਲ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ 2022 ਨਾਲ ਸਨਮਾਨਿਤ ਕੀਤਾ ਜਾਵੇਗਾ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਨੇ ਸੋਮਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2022 ਦੀ ਘੋਸ਼ਣਾ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਇੱਥੇ ਜਾਰੀ ਇੱਕ ਬਿਆਨ ਵਿੱਚ ਮੰਤਰਾਲਾ ਨੇ ਕਿਹਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ 30 ਨਵੰਬਰ ਨੂੰ ਸ਼ਰਤ ਕਮਲ ਸਮੇਤ 30 ਖਿਡਾਰੀਆਂ ਅਤੇ ਸੱਤ ਕੋਚਾਂ ਨੂੰ ਰਾਸ਼ਟਰੀ ਖੇਡ ਪੁਰਸਕਾਰ ਪ੍ਰਦਾਨ ਕਰਨਗੇ।

ਕੇਂਦਰ ਸਰਕਾਰ ਨੇ ਖਿਡਾਰੀਆਂ, ਕੋਚਾਂ ਅਤੇ ਚੁਣੇ ਹੋਏ ਅਦਾਰਿਆਂ ਨੂੰ ਪੁਰਸਕਾਰ ਕਮੇਟੀ ਦੀਆਂ ਸਿਫਾਰਸ਼ਾਂ ਅਤੇ ਜਾਂਚ ਤੋਂ ਬਾਅਦ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ। ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਸ਼ਰਤ ਕਮਲ ਨੇ 16 ਸਾਲ ਦੀ ਉਮਰ ਵਿੱਚ ਆਪਣਾ ਅੰਤਰਰਾਸ਼ਟਰੀ ਕਰੀਅਰ ਸ਼ੁਰੂ ਕੀਤਾ ਸੀ ਅਤੇ ਪਿਛਲੇ 24 ਸਾਲਾਂ ਤੋਂ ਟੇਬਲ ਟੈਨਿਸ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ।

ਸ਼ਰਤ ਕਮਲ ਨੇ ਇਸ ਦੌਰਾਨ ਰਾਸ਼ਟਰਮੰਡਲ ਖੇਡਾਂ ‘ਚ ਸੱਤ ਸੋਨ ਸਮੇਤ 13 ਤਮਗੇ ਜਿੱਤੇ ਹਨ। ਇਨ੍ਹਾਂ ਵਿੱਚੋਂ ਦੋ ਸੋਨ ਅਤੇ ਇੱਕ ਕਾਂਸੀ ਦਾ ਤਮਗਾ ਸਿੰਗਲਜ਼ ਵਿੱਚ ਆਇਆ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਪੁਰਸ਼ ਸਿੰਗਲਜ਼ ਵਿੱਚ ਸੋਨ ਤਮਗਾ ਜਿੱਤਣ ਦੇ ਨਾਲ-ਨਾਲ ਆਪਣੀ ਮਿਕਸਡ ਡਬਲਜ਼ ਜੋੜੀਦਾਰ ਸ਼੍ਰੀਜਾ ਅਕੁਲਾ ਦੇ ਨਾਲ ਸੋਨ ਤਮਗਾ ਹਾਸਲ ਕੀਤਾ ਸੀ, ਜਦੋਂ ਕਿ ਉਨ੍ਹਾਂ ਦੀ ਅਗਵਾਈ ਵਾਲੀ ਪੁਰਸ਼ ਟੇਬਲ ਟੈਨਿਸ ਟੀਮ ਨੇ ਵੀ ਸੋਨ ਤਮਗਾ ਜਿੱਤਿਆ ਸੀ।

Add a Comment

Your email address will not be published. Required fields are marked *