ਸੁਧੀਰ ਸੂਰੀ ਕਤਲਕਾਂਡ ਤੋਂ ਬਾਅਦ DGP ਗੌਰਵ ਯਾਦਵ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ

ਅੰਮ੍ਰਿਤਸਰ : ਸ਼ੁੱਕਰਵਾਰ ਨੂੰ ਸ਼ਿਵ ਸੈਨਾ ਟਕਸਾਲੀ ਦੇ ਆਗੂ ਸੁਧੀਰ ਕੁਮਾਰ ਸੂਰੀ ਦਾ ਇਕ ਵਿਅਕਤੀ ਵੱਲੋਂ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਸੁਧੀਰ ਕੁਮਾਰ ਸੂਰੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਗਈ। 

ਇਸ ਮੌਕੇ ਡੀ. ਜੀ. ਪੀ. ਪੰਜਾਬ ਨੇ ਕਿਹਾ ਕਿ ਮੁਲਜ਼ਮ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਇਸ ਪਿੱਛੇ ਜੇਕਰ ਕੋਈ ਸਾਜ਼ਿਸ਼ ਸੀ ਤਾਂ ਉਸ ਨੂੰ ਵੀ ਬੇਪਰਦਾ ਕੀਤਾ ਜਾਵੇਗਾ। ਜੋ ਕੋਈ ਵੀ ਇਸ ਘਟਨਾ ਵਿਚ ਸ਼ਾਮਲ ਹੋਵੇਗਾ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਡੀ. ਜੀ. ਪੀ. ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਜੋ ਵਿਅਕਤੀ ਵਿਸ਼ੇਸ਼ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਵੀ ਸਖ਼ਤੀ ਨਾਲ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਪੰਜਾਬ ਵਿਚ ਅਮਨ-ਸ਼ਾਂਤੀ ਤੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਮਨ ਪਸੰਦ ਹਨ ਤੇ ਪੰਜਾਬ ਨੇ ਆਪਣੀ ਹਿੰਮਤ ਨਾਲ ਅੱਤਵਾਦ ਨੂੰ ਹਰਾਇਆ ਸੀ।

ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਡੀ. ਜੀ. ਪੀ. ਦੀ ਤਾੜਨਾ

ਇਸ ਮੌਕੇ ਡੀ. ਜੀ. ਪੀ. ਨੇ ਕਿਹਾ ਕਿ ਪੰਜਾਬ ਦਾ ਮਾਹੌਲ ਕਿਸੇ ਕੀਮਤ ਦੇ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਜਿਹੜੇ ਲੋਕ ਸੋਸ਼ਲ ਮੀਡੀਆ ਰਾਹੀਂ ਗ਼ਲਤ ਖ਼ਬਰਾਂ  ਫੈਲਾ ਕੇ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਖ਼ਿਲਾਫ਼ ਆਈ. ਟੀ. ਐਕਟ ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਥਿਤੀ ਕਾਬੂ ਵਿਚ ਹੈ, ਮੁਲਜ਼ਮ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਸੀ। ਇਸ ਲਈ ਕਿਸੇ ਕਿਸਮ ਦੀ ਅਫ਼ਵਾਹ ‘ਤੇ ਧਿਆਨ ਨਾ ਦਿਓ।

Add a Comment

Your email address will not be published. Required fields are marked *