ਚੀਨ ਦਾ ਖੋਜੀ ਜਹਾਜ਼ ‘ਯੁਆਨ ਵਾਂਗ 5’ ਪਹੁੰਚਿਆ ਸ਼੍ਰੀਲੰਕਾ

ਕੋਲੰਬੋ – ਚੀਨ ਦਾ ਉੱਚ ਟੈਕਨਾਲੌਜੀ ਵਾਲਾ ਇਕ ਖੋਜੀ ਜਹਾਜ਼ ਮੰਗਲਵਾਰ ਨੂੰ ਸ਼੍ਰੀਲੰਕਾ ਦੇ ਦੱਖਣੀ ਬੰਦਰਗਾਹ ਹੰਬਨਟੋਟਾ ਪਹੁੰਚਿਆ। ਕੁਝ ਦਿਨਾਂ ਪਹਿਲਾਂ ਕੋਲੰਬੋ ਨੇ ਭਾਰਤ ਦੀਆਂ ਚਿੰਤਾਵਾਂ ਨੂੰ ਦੇਖਦੇ ਹੋਏ ਬੀਜਿੰਗ ਤੋਂ ਇਸ ਜਹਾਜ਼ ਦਾ ਬੰਦਰਗਾਹ ’ਤੇ ਆਗਮਨ ਟਾਲਣ ਦੀ ਅਪੀਲ ਕੀਤੀ ਸੀ। ਚੀਨ ਦਾ ਬੈਲਿਸਟਿਕ ਮਿਜ਼ਾਈਲ ਅਤੇ ਉਪਗ੍ਰਹਿ ਨਿਗਰਾਨੀ ਜਹਾਜ਼ ‘ਯੁਆਨ ਵਾਂਗ 5’ ਸਥਾਨਕ ਸਮੇਂ ਮੁਤਾਬਕ ਸਵੇਰੇ 8 ਵੱਜ ਕੇ 20 ਮਿੰਟ ’ਤੇ ਦੱਖਣੀ ਬੰਦਰਗਾਹ ਹੰਬਨਟੋਟਾ ਪਹੁੰਚਿਆ। ਇਹ ਜਹਾਜ਼ 22 ਅਗਸਤ ਤੱਕ ਇਥੇ ਰੁਕੇਗਾ। ਇਹ ਜਹਾਜ਼ ਪਹਿਲਾਂ 11 ਅਗਸਤ ਨੂੰ ਬੰਦਰਗਾਹ ’ਤੇ ਪਹੁੁੰਚਣਾ ਸੀ ਪਰ ਸ਼੍ਰੀਲੰਕਾਈ ਅਥਾਰਿਟੀਜ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਇਸਦੇ ਆਗਮਨ ਵਿਚ ਦੇਰੀ ਹੋਈ।

‘ਯੁਆਗ ਵਾਂਗ-5’ ਨੂੰ 2007 ਵਿਚ ਬਣਾਇਆ ਗਿਆ ਸੀ ਅਤੇ ਇਸ ਦੀ ਮਾਲ ਢੋਹਣ ਦੀ ਸਮਰੱਥਾ 11,000 ਟਨ ਹੈ। ਕੋਲੰਬੋ ਤੋਂ ਲਗਭਗ 250 ਕਿਲੋਮੀਟਰ ਦੂਰ ਸਥਿਤ ਹੰਬਨਟੋਟਾ ਬੰਦਰਗਾਹ ਨੂੰ ਚੀਨ ਤੋਂ ਉੱਚ ਵਿਆਜ਼ ’ਤੇ ਕਰਜ਼ੇ ਲੈ ਕੇ ਬਣਾਇਆ ਗਿਆ ਸੀ। ਸ਼੍ਰੀਲੰਕਾਈ ਸਰਕਾਰ ਚੀਨ ਦੇ ਕਰਜ਼ੇ ਨੂੰ ਚੁਕਾ ਨਹੀਂ ਸਗੀ ਜਿਸ ਤੋਂ ਬਾਅਦ ਇਸ ਬੰਦਰਗਾਹ ਨੂੰ 99 ਸਾਲ ਦੇ ਪੱਟੇ ’ਤੇ ਚੀਨ ਨੂੰ ਸੌਂਪ ਦਿੱਤਾ ਗਿਆ। ਸ਼੍ਰੀਲੰਕਾ ਵਿਚ ਚੀਨ ਦੇ ਰਾਜਦੂਤ ਨੇ ਕਿਹਾ ਕਿ ਇਸ ਤਰ੍ਹਾਂ ਦੀ ਖੋਜ ਲਈ ਜਹਾਜ਼ ਦਾ ਸ਼੍ਰੀਲੰਕਾ ਦੀ ਯਾਤਰਾ ਕਰਨਾ ਬਹੁਤ ਸੁਭਾਵਿਕ ਹੈ।

ਭਾਰਤ ਨੇ ਇਥੇ ਇਕ ਸਮਾਰੋਹ ਵਿਚ ਸ਼੍ਰੀਲੰਕਾਈ ਸਮੁੰਦਰੀ ਫੌਜ ਨੂੰ ਇਕ ਡੋਨੀਅਰ ਸਮੁੰਦਰੀ ਨਿਗਰਾਨੀ ਜਹਾਜ਼ ਸੌਂਪਿਆ ਜੋ ਦੋ-ਪੱਖੀ ਰੱਖਿਆ ਭਾਈਵਾਲੀ ਨੂੰ ਹੋਰ ਵਧਾਏਗਾ। ਇਸ ਮੌਕੇ ਇਥੇ ਭਾਰਤੀ ਰਾਜਦੂਤ ਨੇ ਕਿਹਾ ਕਿ ਭਾਰਤ ਅਤੇ ਸ਼੍ਰੀਲੰਕਾ ਦੀ ਸੁਰੱਖਿਆ ਆਪਸੀ ਸਮਝ, ਭਰੋਸਾ ਅਤੇ ਸਹਿਯੋਗ ਨਾਲ ਵਧੀ ਹੈ। ਸਮਾਰੋਹ ਵਿਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਵੀ ਮੌਜੂਦ ਸਨ।

ਭਾਰਤੀ ਸਮੁੰਦਰੀ ਫੌਜ ਦੇ ਉਪ ਪ੍ਰਮੁੱਖ ਵਾਈਸ ਐਡਮਿਰਲ ਐੱਸ. ਐੱਨ. ਘੋਰਮਡੇ ਨੇ ਕੋਲੰਬੋ ਵਿਚ ਭਾਰਤੀ ਹਾਈ ਕਮਿਸ਼ਨਰ ਗੋਪਾਲ ਬਾਗਲੇ ਨਾਲ ਕੋਲੰਬੋ ਕੌਮਾਂਤਰੀ ਹਵਾਈ ਅੱਡੇ ਨੇੜੇ ਕਾਤੁਨਾਯਕੇ ਵਿਚ ਸ਼੍ਰੀਲੰਕਾ ਦੀ ਹਵਾਈ ਫੌਜ ਦੇ ਇਕ ਕੇਂਦਰ ’ਤੇ ਸ਼੍ਰੀਲੰਕਾਈ ਸਮੁੰਦਰੀ ਫੌਜ ਦੀ ਸਮੁੰਦਰੀ ਨਿਗਰਾਨੀ ਜਹਾਜ਼ ਸੌਂਪਿਆ। ਐਡਮਿਰਲ ਘੋਰਮਡੇ ਸ਼੍ਰੀਲੰਕਾ ਦੀ 2 ਦਿਨਾਂ ਯਾਤਰਾ ’ਤੇ ਹਨ। ਇਸ ਜਹਾਜ਼ ਨੂੰ ਸ਼੍ਰੀਲੰਕਾਈ ਹਵਾਈ ਫੌਜ ਦੇ 15 ਮੈਂਬਰ ਉਡਾ ਸਕਣਗੇ, ਜਿਨ੍ਹਾਂ ਨੂੰ ਚਾਰ ਮਹੀਨਿਆਂ ਤੱਕ ਭਾਰਤ ਵਿਚ ਖਾਸਤੌਰ ’ਤੇ ਟਰੇਨਿੰਗ ਦਿੱਤੀ ਜਾਏਗੀ।

Add a Comment

Your email address will not be published. Required fields are marked *