ਮੁੱਖ ਮੰਤਰੀ ਦੇ ਅਹੁਦੇ ਬਾਰੇ ‘ਬੇਯਕੀਨੀ’ ਖ਼ਤਮ ਕਰੇ ਕਾਂਗਰਸ: ਪਾਇਲਟ

ਜੈਪੁਰ, 2 ਨਵੰਬਰ

ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ‘ਪ੍ਰਸ਼ੰਸਾ’ ਕੀਤੇ ਜਾਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਅੱਜ ਕਾਂਗਰਸ ਨੂੰ ਇਸ ਮਾਮਲੇ ਨੂੰ ਹਲਕੇ ਵਿੱਚ ਨਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਪਾਰਟੀ ਹਾਈ ਕਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਬਾਰੇ ‘ਬੇਯਕੀਨੀ’ ਵਾਲੀ ਸਥਿਤੀ ਨੂੰ ਖ਼ਤਮ ਕਰਨ ਲਈ ਕਿਹਾ। ਇਸ ਦੇ ਨਾਲ ਹੀ ਪਾਇਲਟ ਨੇ ਸਤੰਬਰ ਮਹੀਨੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਦਾ ਬਾਈਕਾਟ ਕਰਦਿਆਂ ਗਹਿਲੋਤ ਦੇ ਸਮਰਥਨ ਵਿੱਚ ਵਿਧਾਇਕਾਂ ਦੇ ਸ਼ਕਤੀ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਰਾਜਸਥਾਨ ਦੇ ਆਗੂਆਂ ਖ਼ਿਲਾਫ਼ ਕਾਰਵਾਈ ਕਰਨ ’ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਵੱਲੋਂ ਮੁੱਖ ਮੰਤਰੀ ਗਹਿਲੋਤ ਦੀ ‘ਪ੍ਰਸ਼ੰਸਾ’ ਕੀਤੇ ਜਾਣ ’ਤੇ ਵਿਅੰਗ ਕਰਦਿਆਂ ਪਾਇਲਟ ਨੇ ਇਸ ਨੂੰ ‘ਦਿਲਚਸਪ ਘਟਨਾਕ੍ਰਮ’ ਦੱਸਿਆ। ਪਾਇਲਟ ਦੇ ਇਸ ਤਾਜ਼ਾ ਬਿਆਨ ਨੂੰ ਕਾਂਗਰਸ ਦੀ ਰਾਜਸਥਾਨ ਇਕਾਈ ਵਿੱਚ ਗਹਿਲੋਤ ਤੇ ਪਾਇਲਟ ਖ਼ੇਮਿਆਂ ਦਰਮਿਆਨ ਖਿੱਚੋਤਾਣ ਨੂੰ ਮੁੜ ਤੋਂ ਸ਼ੁਰੂ ਹੋਣ ਦਾ ਸੰਕੇਤ ਮੰਨਿਆ ਜਾ ਰਿਹਾ ਹੈ। ਸਾਲ 2020 ਵਿੱਚ ਗਹਿਲੋਤ ਖ਼ਿਲਾਫ਼ ਕੁੱਝ ਵਿਧਾਇਕਾਂ ਦੀ ਬਗ਼ਾਵਤ ਦੀ ਅਗਵਾਈ ਕਰਨ ਵਾਲੇ ਪਾਇਲਟ ਨੇ ਬਾਂਸਵਾੜਾ ਜ਼ਿਲ੍ਹੇ ਦੇ ਮਾਨਗੜ੍ਹ ਧਾਮ ਵਿੱਚ ਮੰਗਲਵਾਰ ਨੂੰ ਹੋਏ ਸਮਾਗਮ ਦਾ ਜ਼ਿਕਰ ਕਰਦਿਆਂ ਰਾਜਸਥਾਨ ਦੇ ਮੁੱਖ ਮੰਤਰੀ ’ਤੇ ਨਿਸ਼ਾਨਾ ਸੇਧਿਆ। ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਇਲਟ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਦੀ ਤਾਰੀਫ਼ ਕੀਤੀ ਹੈ ਅਤੇ ਇਹ ਦਿਲਚਸਪ ਘਟਨਾਕ੍ਰਮ ਹੈ ਕਿਉਂਕਿ ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਇਸੇ ਢੰਗ ਨਾਲ ਗ਼ੁਲਾਮ ਨਬੀ ਆਜ਼ਾਦ ਦੀ ਵੀ ਪ੍ਰਸ਼ੰਸਾ ਕੀਤੀ ਸੀ। ਅਸੀਂ ਸਾਰਿਆਂ ਨੇ ਦੇਖਿਆ ਕਿ ਇਸ ਤੋਂ ਬਾਅਦ ਕਿਹੋ ਜਿਹੀਆਂ ਸਥਿਤੀਆਂ ਪੈਦਾ ਹੋ ਗਈਆਂ ਸਨ।’’

Add a Comment

Your email address will not be published. Required fields are marked *