ਲੋਕ ਸਭਾ ਚੋਣਾਂ ਦੀ ਦਿਸ਼ਾ ਤੈਅ ਕਰਨਗੇ ਸੂਬਾਈ ਚੋਣਾਂ ਦੇ ਨਤੀਜੇ: ਕਾਂਗਰਸ

ਨਵਾ ਰਾਏਪੁਰ, 26 ਫਰਵਰੀ-: ਕਾਂਗਰਸ ਨੇ ਅੱਜ ਆਪਣੇ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਚੋਣਾਂ ਵਾਲੇ ਸੂਬਿਆਂ ’ਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਅਨੁਸ਼ਾਸਿਤ ਤੇ ਪੂਰੇ ਇਕਜੁੱਟ ਹੋ ਕੇ ਕੰਮ ਕਰਨ। ਪਾਰਟੀ ਨੇ ਆਗੂਆਂ ਨੂੰ ਰਾਜਸਥਾਨ, ਛੱਤੀਸਗੜ੍ਹ ਤੇ ਕਰਨਾਟਕ ਵਿਚ ਇਕਜੁੱਟ ਹੋ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਨਾਲ 2024 ਦੀਆਂ ‘ਲੋਕ ਸਭਾ ਚੋਣਾਂ ਦੀ ਦਿਸ਼ਾ ਤੈਅ ਹੋਵੇਗੀ।’ ਕਾਂਗਰਸ ਨੇ ਇੱਥੇ ਪਾਰਟੀ ਦੇ 85ਵੇਂ ਆਮ ਸੰੰਮੇਲਨ (ਪਲੈਨਰੀ ਸੈਸ਼ਨ) ਦੇ ਆਖ਼ਰੀ ਦਿਨ ਪੰਜ ਨੁਕਤਿਆਂ ਵਾਲੇ ਰਾਏਪੁਰ ਐਲਾਨਨਾਮੇ ਨੂੰ ਜਾਰੀ ਕੀਤਾ ਹੈ। ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਸਮਾਨ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ। ਹੋਰਨਾਂ ਪਾਰਟੀਆਂ ਨਾਲ ਭਾਈਵਾਲੀ ਸਾਂਝੇ ਤੇ ਉਸਾਰੂ ਪ੍ਰੋਗਰਾਮ ਉਤੇ ਅਧਾਰਿਤ ਹੋਵੇਗੀ ਜਿਸ ਦਾ ਮੰਤਵ ਸੰਵਿਧਾਨ ਦੀ ਰਾਖੀ ਤੇ ਬਚਾਅ ਅਤੇ ਚੁਣੌਤੀਆਂ ਨਾਲ ਨਜਿੱਠਣਾ ਹੋਵੇਗਾ। ਐਲਾਨਨਾਮੇ ਵਿਚ ਕਿਹਾ ਗਿਆ  ਹੈ ਕਿ ‘ਆਉਣ ਵਾਲੇ ਸਾਲ ’ਚ ਕਰਨਾਟਕ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਿਜ਼ੋਰਮ, ਰਾਜਸਥਾਨ ਤੇ ਤਿਲੰਗਾਨਾ ਵਿਚ ਮਹੱਤਵਪੂਰਨ ਵਿਧਾਨ ਸਭਾ ਚੋਣਾਂ ਹੋਣਗੀਆਂ। ਪਾਰਟੀ ਵਰਕਰਾਂ ਤੇ ਆਗੂਆਂ ਨੂੰ ਜਿੱਤ ਯਕੀਨੀ ਬਣਾਉਣ ਲਈ ਅਨੁਸ਼ਾਸਨ ਤੇ ਏਕੇ ਨਾਲ ਅੱਗੇ ਵਧਣਾ ਪਏਗਾ। ਇਹੀ ਚੋਣਾਂ 2024 ਦੀਆਂ ਬੇਹੱਦ ਮਹੱਤਵਪੂਰਨ ਲੋਕ ਸਭਾ ਚੋਣਾਂ ਦੀ ਦਿਸ਼ਾ ਤੈਅ ਕਰਨਗੀਆਂ।’ ਐਲਾਨਨਾਮੇ ਮੁਤਾਬਕ ‘ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ ਜਿਸ ਨੇ ਕਦੇ ਵੀ ਭਾਜਪਾ/ਆਰਐੱਸਐੱਸ ਤੇ ਇਸ ਦੀ ਘਿਨਾਉਣੀ ਸਿਆਸਤ ਨਾਲ ਸਮਝੌਤਾ ਨਹੀਂ ਕੀਤਾ।’ ਪਾਰਟੀ ਨੇ ਐਲਾਨਨਾਮੇ ਵਿਚ ਕਿਹਾ, ‘ਅਸੀਂ ਭਾਜਪਾ ਦੇ ਤਾਨਾਸ਼ਾਹ, ਫ਼ਿਰਕੂ ਤੇ ਪੂੰਜੀਵਾਦ ਪੱਖੀ ਦਮਨ ਖ਼ਿਲਾਫ਼ ਹਮੇਸ਼ਾ ਲੜਦੇ ਰਹਾਂਗੇ ਤੇ ਆਪਣੀਆਂ ਸਿਆਸੀ ਕਦਰਾਂ-ਕੀਮਤਾਂ ਦੀ ਰਾਖੀ ਕਰਾਂਗੇ। ਪਾਰਟੀ ਦੇਸ਼ ਅੱਗੇ ਬਣੀਆਂ ਤਿੰਨ ਮੁੱਖ ਚੁਣੌਤੀਆਂ- ਵਧ ਰਹੇ ਆਰਥਿਕ ਪਾੜੇ, ਸਮਾਜਿਕ ਧਰੁਵੀਕਰਨ ਤੇ ਸਿਆਸੀ ਤਾਨਾਸ਼ਾਹੀ ਖ਼ਿਲਾਫ਼ ਲੜੇਗੀ।’ ਇਸੇ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਹੁਣ ਪਾਸੀਘਾਟ ਤੋਂ ਪੋਰਬੰਦਰ ਤੱਕ ਯਾਤਰਾ ਕੱਢਣ ਉਤੇ ਵਿਚਾਰ ਕਰ ਰਹੀ ਹੈ। ਰਮੇਸ਼ ਨੇ ਕਿਹਾ ਕਿ ਪੂਰਬ ਤੋਂ ਪੱਛਮ ਤੱਕ ਦੀ ਯਾਤਰਾ ਲਈ ਵਰਕਰਾਂ ਵਿਚ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਇਸ ਦੇ ਅਰੁਣਾਚਲ ਪ੍ਰਦੇਸ਼ (ਪਾਸੀਘਾਟ) ਤੋਂ ਗੁਜਰਾਤ (ਪੋਰਬੰਦਰ) ਤੱਕ ਕੱਢੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਯਾਤਰਾ ਦਾ ਸਰੂਪ ਭਾਰਤ ਜੋੜੋ ਯਾਤਰਾ ਨਾਲੋਂ ਥੋੜ੍ਹਾ ਵੱਖਰਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪੈਦਲ ਯਾਤਰਾ ਹੀ ਹੋਵੇਗੀ ਪਰ ਰਾਹ ਵਿਚ ਜੰਗਲ ਤੇ ਨਦੀਆਂ ਵੀ ਹਨ। ਇਸ ਲਈ ਕਈ ਮਾਧਿਅਮ ਵਰਤੇ ਜਾ ਸਕਦੇ ਹਨ। ਰਾਹੁਲ ਗਾਂਧੀ ਨੇ ਸੰਸਦ ਵਿਚ ਅਡਾਨੀ ਗਰੁੱਪ ਦੀ ਹਮਾਇਤ ਕਰਨ ਵਾਲੇ ਭਾਜਪਾ ਆਗੂਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਕਾਰੋਬਾਰੀ ਘਰਾਣਾ ‘ਬ੍ਰਿਟਿਸ਼ ਈਸਟ ਇੰਡੀਆ ਕੰਪਨੀ’ ਵਰਗਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪਾਰਟੀ ਉਦੋਂ ਤੱਕ ਅਡਾਨੀ ਗਰੁੱਪ ਦੀਆਂ ਕਾਰੋਬਾਰੀ ਗਤੀਵਿਧੀਆਂ ਉਤੇ ਸਵਾਲ ਉਠਾਉਂਦੀ ਰਹੇਗੀ, ਜਦ ਤੱਕ ਸੱਚ ਬਾਹਰ ਨਹੀਂ ਆ ਜਾਂਦਾ। ਅਡਾਨੀ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਰਾਹੁਲ ਨੇ ਦੋਸ਼ ਲਾਇਆ ਕਿ ਉਦਯੋਗਪਤੀ ਸਾਰੀ ਸੰਪਤੀ ਨੂੰ ਇਕ ਪਾਸੇ ਕਰ ਕੇ ਦੇਸ਼ ਦੇ ਖ਼ਿਲਾਫ਼ ਭੁਗਤ ਰਿਹਾ ਹੈ। 

Add a Comment

Your email address will not be published. Required fields are marked *