ਰਾਹੁਲ ਗਾਂਧੀ ਨੇ ਚਾਰਮੀਨਾਰ ਸਾਹਮਣੇ ਤਿਰੰਗਾ ਲਹਿਰਾਇਆ

ਹੈਦਰਾਬਾਦ, 1 ਨਵੰਬਰ-: ਕਾਂਗਰਸ ਆਗੂ ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਦੌਰਾਨ ਅੱਜ ਇੱਥੇ ਚਾਰਮੀਨਾਰ ਸਾਹਮਣੇ ਤਿਰੰਗਾ ਲਹਿਰਾਇਆ। ਕਰੀਬ 32 ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਤੇ ਤਤਕਾਲੀਨ ਪਾਰਟੀ ਪ੍ਰਧਾਨ ਰਾਜੀਵ ਗਾਂਧੀ ਨੇ ਵੀ ਇਸੇ ਥਾਂ ਤੋਂ ‘ਸਦਭਾਵਨਾ ਯਾਤਰਾ’ ਸ਼ੁਰੂ ਕੀਤੀ ਸੀ। ਰਾਹੁਲ ਗਾਂਧੀ ਦੇ ਚਾਰਮੀਨਾਰ ਪਹੁੰਚਣ ਤੇ ਪਾਰਟੀ ਵਰਕਰਾਂ ਵੱਲੋਂ ‘ਭਾਰਤ ਜੋੜੋ’ ਦੇ ਨਾਅਰੇ ਲਾਏ ਗਏ। ਇਸ ਮੌਕੇ ਰਾਹੁਲ ਗਾਂਧੀ ਨੇ ਸਟੇਜ ’ਤੇ ਪਿਤਾ ਰਾਜੀਵ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।  ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੱਸਿਆ ਕਿ 19 ਅਕਤੂਬਰ 1990 ਨੂੰ ਰਾਜੀਵ ਗਾਂਧੀ ਨੇ ਵੀ ਇਸੇ ਥਾਂ ਤੋਂ ‘ਸਦਭਾਵਨਾ ਯਾਤਰਾ’ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਹਰ ਸਾਲ ਇਸ ਦਿਨ ਇੱਥੇ ਤਿਰੰਗਾ ਲਹਿਰਾਉਂਦੀ ਹੈ। ਇਸ ਵਾਰ 19 ਅਕਤੂਬਰ ਨੂੰ ਇੱਥੇ ਤਿਰੰਗਾ ਨਹੀਂ ਲਹਿਰਾਇਆ ਜਾ ਸਕਿਆ, ਜਿਸ ਕਰਕੇ ਇੱਥੇ ਅੱਜ ਕੌਮੀ ਝੰਡਾ ਲਹਿਰਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ‘ਭਾਰਤ ਜੋੜੋ’ ਯਾਤਰਾ ਅੱਜ ਸ਼ਮਸ਼ਾਬਾਦ ਦੇ ਮੱਠ ਮੰਦਰ ਤੋਂ ਸ਼ੁਰੂ ਹੋ ਕੇ ਬਾਅਦ ਦੁਪਹਿਰ ਬਦਰਪੁਰਾ ਸਥਿਤ ਵਿਰਾਸਤੀ ਪੈਲੇਸ ਨੇੜੇ ਰੁਕੀ। ਰਾਤ ਨੂੰ ਇਹ ਯਾਤਰਾ ਬੋਵਨਪੱਲੀ ਸਥਿਤ ਗਾਂਧੀ ਵਿਚਾਰਧਾਰਕ ਕੇਂਦਰ ਵਿੱਚ ਰੁਕੇਗੀ। 

ਇਸ ਦੌਰਾਨ ਕਾਂਗਰਸ ਵੱਲੋਂ ਅੱਜ ਅਸਾਮ ਦੇ ਧੂਬਰੀ ਤੋਂ ‘ਭਾਰਤ ਜੋੜੋ ਯਾਤਰਾ-ਆਸਾਮ’ ਅਤੇ ਗੁਜਰਾਤ ਵਿੱਚ ‘ਪਰਿਵਰਤਨ ਸੰਕਲਪ ਯਾਤਰਾ’ ਸ਼ੁਰੂ ਕੀਤੀ ਗਈ ਹੈ। 

Add a Comment

Your email address will not be published. Required fields are marked *