ਕਾਂਗਰਸ ਗੁਜਰਾਤ ਵਿਧਾਨ ਸਭਾ ਚੋਣਾਂ ਜਿੱਤੇਗੀ: ਰਾਹੁਲ

ਕੋਠੁਰ (ਤਿਲੰਗਾਨਾ), 31 ਅਕਤੂਬਰ– ਕਾਂਗਰਸ ਆਗੂ ਰਾਹੁਲ ਗਾਂਧੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਜਿੱਤ ਦਾ ਭਰੋਸਾ ਜ਼ਾਹਿਰ ਕਰਦਿਆਂ ਦਾਅਵਾ ਕੀਤਾ ਕਿ ਸੂਬੇ ’ਚ ਮਾਹੌਲ ਭਾਜਪਾ ਦੇ ਖ਼ਿਲਾਫ਼ ਹੈ ਜਦਕਿ ਆਮ ਆਦਮੀ ਪਾਰਟੀ ਨੇ ਸਿਰਫ਼ ਇਸ਼ਤਿਹਾਰਾਂ ਦੇ ਆਧਾਰ ’ਤੇ ਹਊਆ ਖੜ੍ਹਾ ਕੀਤਾ ਹੋਇਆ ਤੇ ਉਸ ਕੋਲ ਜ਼ਮੀਨੀ ਪੱਧਰ ’ਤੇ ਕੋਈ ਹਮਾਇਤ ਨਹੀਂ ਹੈ।

ਭਾਰਤ ਜੋੜੋ ਯਾਤਰਾ ਦੌਰਾਨ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਮਾਰਚ ਕੋਈ ਜਾਦੂ ਦੀ ਛੜੀ ਨਹੀਂ ਹੈ ਬਲਕਿ ਲੋਕਾਂ ਨਾਲ ਜੁੜਨ ਲਈ ਪਹਿਲਾ ਕਦਮ ਹੈ। ਉਨ੍ਹਾਂ ਟੀਆਰਐੱਸ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਕਾਂਗਰਸ ਦੇ ਰੁਖ਼ ਤੋਂ ਬਿਲਕੁਲ ਉਲਟ ਗੱਲ ਹੋਵੇਗੀ। ਗੁਜਰਾਤ ’ਚ ‘ਆਪ’ ਵੱਲੋਂ ਚੁਣੌਤੀ ਦਿੱਤੇ ਜਾਣ ਨੂੰ ਖਾਰਜ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ’ਚ ’ਚ ਕਾਂਗਰਸ ਦਾ ਮਜ਼ਬੂਤ ਆਧਾਰ ਹੈ। ਉਨ੍ਹਾਂ ਕਿਹਾ, ‘ਕਾਂਗਰਸ ਗੁਜਰਾਤ ਚੋਣਾਂ ਪੂਰੀ ਮਜ਼ਬੂਤੀ ਨਾਲ ਲੜੇਗੀ ਤੇ ਜਿੱਤੇਗੀ। ‘ਆਪ’ ਸਿਰਫ਼ ਹਵਾ ਵਿੱਚ ਹੀ ਹੈ। ਇਸ ਕੋਲ ਜ਼ਮੀਨੀ ਪੱਧਰ ’ਤੇ ਕੁਝ ਵੀ ਨਹੀਂ ਹੈ।’ ਹਿਮਾਚਲ ਪ੍ਰਦੇਸ਼ ’ਚ ਚੋਣ ਪ੍ਰਚਾਰ ਬਾਰੇ ਉਨ੍ਹਾਂ ਕਿਹਾ, ‘ਖੜਗੇ ਜੀ ਪਾਰਟੀ ਦੇ ਪ੍ਰਧਾਨ ਹਨ ਤੇ ਉਹ ਹੀ ਫ਼ੈਸਲਾ ਕਰਨਗੇ ਕਿ ਮੈਂ ਕਿੱਥੇ ਤੇ ਕੀ ਕਰਾਂਗਾ।’ ਇਸੇ ਦੌਰਾਨ ਰਾਹੁਲ ਗਾਂਧੀ ਤੇ ਯਾਤਰਾ ’ਚ ਸ਼ਾਮਲ ਹੋਰ ਆਗੂਆਂ ਤੇ ਲੋਕਾਂ ਨੇ ਮੋਰਬੀ ’ਚ ਪੁਲ ਡਿੱਗਣ ਕਾਰਨ ਮਾਰੇ ਗਏ ਲੋਕਾਂ ਨੂੰ ਦੋ ਮਿੰਟ ਲਈ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।

Add a Comment

Your email address will not be published. Required fields are marked *