ਮੋਦੀ ਸਰਕਾਰ ਨੇ ਦੇਸ਼ ਦੀ ਸਿਹਤ ਪ੍ਰਣਾਲੀ ਨੂੰ ਰੋਗੀ ਬਣਾਇਆ: ਖੜਗੇ

ਨਵੀਂ ਦਿੱਲੀ, 13 ਅਗਸਤ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਦੇਸ਼ ਦੀ ਸਿਹਤ ਪ੍ਰਣਾਲੀ ਨੂੰ ਰੋਗੀ ਬਣਾ ਦਿੱਤਾ ਹੈ ਅਤੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਵਰਗੇ ਹਸਪਤਾਲ ਵੀ ਡਾਕਟਰਾਂ ਅਤੇ ਸਟਾਫ਼ ਦੀ ਘਾਟ ਨਾਲ ਜੂਝ ਰਹੇ ਹਨ। ਹਾਲਾਂਕਿ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਾਂਗਰਸ ਪ੍ਰਧਾਨ ਖੜਗੇ ਦੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ।

ਐਕਸ ’ਤੇ ਇੱਕ ਮੀਡੀਆ ਰਿਪੋਰਟ ਸਾਂਝੀ ਕਰਦਿਆਂ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ 19 ਏਮਜ਼ ਵਿੱਚ ਡਾਕਟਰਾਂ ਅਤੇ ਹੋਰ ਸਟਾਫ਼ ਦੀ ਘਾਟ ਹੈ। ਕਾਂਗਰਸ ਪ੍ਰਧਾਨ ਨੇ ਕਿਹਾ, ‘‘ਲੁੱਟ-ਖੋਹ ਅਤੇ ਜੁਮਲਿਆਂ ਨੇ ਦੇਸ਼ ਨੂੰ ਰੋਗੀ ਬਣਾ ਦਿੱਤਾ ਹੈ, ਮੋਦੀ ਜੀ ਦਾ ਹਰ ਲਫ਼ਜ਼ ਝੂਠਾ ਹੈ!! ਸਰਕਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਏਮਜ਼ ਸਥਾਪਤ ਕੀਤੇ। ਸੱਚਾਈ ਤਾਂ ਇਹ ਹੈ ਕਿ ਸਾਡੇ ਏਮਜ਼ ਡਾਕਟਰਾਂ ਅਤੇ ਹੋਰ ਸਟਾਫ ਦੀ ਘਾਟ ਨਾਲ ਜੂਝ ਰਹੇ ਹਨ। ਮਿਸਟਰ ਮੋਦੀ, ਕਰੋਨਾ ਵਾਇਰਸ ਮਹਾਮਾਰੀ ਦੌਰਾਨ ਲਾਪ੍ਰਵਾਹੀ ਅਤੇ ਆਯੂਸ਼ਮਾਨ ਭਾਰਤ ’ਚ ਘੁਟਾਲਿਆਂ ਨਾਲ ਤੁਹਾਡੀ ਸਰਕਾਰ ਨੇ ਦੇਸ਼ ਦੀ ਸਿਹਤ ਪ੍ਰਣਾਲੀ ਨੂੰ ਰੋਗੀ ਬਣਾ ਦਿੱਤਾ ਹੈ।’’ ਖੜਗੇ ਨੇ ਕਿਹਾ, ‘‘ਲੋਕ ਜਾਗਰੂਕ ਹੋ ਚੁੱਕੇ ਹਨ, ਤੁਹਾਡੇ ਝੂਠ ਨੂੰ ਪਛਾਣ ਚੁੱਕੀ ਹੈ ਅਤੇ ਹੁਣ ਤੁਹਾਡੀ ਸਰਕਾਰ ਦੀ ਵਿਦਾਇਗੀ ਦਾ ਸਮਾਂ ਆ ਚੁੱਕਿਆ ਹੈ।’’ ਮਾਂਡਵੀਆ ਨੇ ਖੜਗੇ ਦੀ ਪੋਸਟ ’ਤੇ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਸਿਰਫ਼ ਇੱਕ ਏਮਜ਼ ਖੋਲ੍ਹਿਆ ਗਿਆ ਸੀ, ਜਦਕਿ ਮੋਦੀ ਸਰਕਾਰ ਦੀ ਅਗਵਾਈ ਹੇਠ 15 ਖੋਲ੍ਹੇ ਗਏ ਹਨ। ਮਾਂਡਵੀਆ ਨੇ ਐਕਸ ’ਤੇ ਕਿਹਾ, ‘‘ਸਤਿਕਾਰਯੋਗ ਖੜਗੇ ਜੀ, ਸਾਡੇ ਇਰਾਦੇ ਨੇਕ ਅਤੇ ਸਾਫ਼ ਹਨ!! ਮੈਨੂੰ ਉਮੀਦ ਹੈ ਕਿ ਤੁਸੀਂ ਸੱਚਾਈ ਸਮਝੋਗੇ। ਕਾਂਗਰਸ ਨੇ 50 ਸਾਲਾਂ ਦੇ ਸ਼ਾਸਨ ਦੌਰਾਨ ਇੱਕ ਏਮਜ਼ ਖੋਲ੍ਹਿਆ ਸੀ। ਛੇ ਏਮਜ਼ ਸਾਬਕਾ ਪ੍ਰਧਾਨ ਮੰਤਰੀ ਅੱਟਲ ਬਿਹਾਰੀ ਵਾਜਪਾਈ ਜੀ ਦੇ ਕਾਰਜਕਾਲ ਦੌਰਾਨ ਅਤੇ ਮੋਦੀ ਜੀ ਦੇ ਕਾਰਜਕਾਲ ਦੌਰਾਨ 15 ਨਵੇਂ ਏਮਜ਼ ਖੋਲ੍ਹੇ ਗਏ। ਉਮੀਦ ਹੈ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋਗੇ ਕਿ ਏਮਜ਼ ਦੀ ਲੋੜ ਅਨੁਸਾਰ, ਸਮੇਂ-ਸਮੇਂ ’ਤੇ ਨਵੇਂ ਵਿਭਾਗ ਖੋਲ੍ਹਣ ਵੇਲੇ ਪੜਾਅਵਾਰ ਭਰਤੀ ਕੀਤੀ ਜਾਂਦੀ ਰਹੀ ਹੈ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਰੁਜ਼ਗਾਰ ਮੇਲੇ ਦੌਰਾਨ ਨੌਜਵਾਨਾਂ ਨੂੰ ਪੰਜ ਲੱਖ ਨਿਯੁਕਤੀ ਪੱਤਰ ਸੌਂਪੇ ਹਨ, ਜੋ ਕਿ ਯੋਗਤਾ ਦੇ ਆਧਾਰ ’ਤੇ ਦਿੱਤੇ ਗਏ ਹਨ ਨਾ ਕਿ ਭਾਈ-ਭਤੀਜਾਵਾਦ ਦੇ ਆਧਾਰ ’ਤੇ। ਮਾਂਡਵੀਆ ਨੇ ਖੜਗੇ ਨੂੰ ਪੁੱਛਿਆ ਕਿ ਉਹ ਦੇਸ਼ ਨੂੰ ਸਿਹਤ ਖੇਤਰ ਵਿੱਚ ਯੂਪੀਏ ਦੀ ਕੋਈ ਪ੍ਰਾਪਤੀ ਦੱਸਣ।

Add a Comment

Your email address will not be published. Required fields are marked *