ਬ੍ਰਾਜ਼ੀਲ: ਬੋਲਸੋਨਾਰੋ ਨੂੰ ਹਰਾ ਕੇ ਸਿਲਵਾ ਬਣੇ ਰਾਸ਼ਟਰਪਤੀ

ਸਾਓ ਪਾਲੋ, 31 ਅਕਤੂਬਰ– ਲੁਇਜ਼ ਇਨਾਸੀਓ ਲੂਲਾ ਡਾ ਸਿਲਵਾ ਬ੍ਰਾਜ਼ੀਲ ਦੇ ਰਾਸ਼ਟਪਤੀ ਚੁਣੇ ਗਏ ਹਨ। ਖੱਬੇ ਪੱਖੀ ਆਗੂ ਨੇ ਫ਼ਸਵੇਂ ਮੁਕਾਬਲੇ ਵਿਚ ਵਰਤਮਾਨ ਰਾਸ਼ਟਰਪਤੀ ਜੈਰ ਬੋਲਸੋਨਾਰੋ ਨੂੰ ਹਰਾ ਦਿੱਤਾ ਹੈ। ਲੂਲਾ ਡਾ ਸਿਲਵਾ ਦੂਜੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਬਣਨਗੇ। ਲੂਲਾ ਦੀ ਜਿੱਤ ਨਾਲ ਚਾਰ ਸਾਲ ਚੱਲੀ ਕੱਟੜ ਸੱਜੇਪੱਖੀ ਸਿਆਸਤ ਦਾ ਅੰਤ ਹੋ ਗਿਆ ਹੈ। ਹੁਣ ਤੱਕ ਕਰੀਬ 99 ਫੀਸਦ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਤੇ ਸਿਲਵਾ ਨੂੰ 50.9 ਪ੍ਰਤੀਸ਼ਤ ਅਤੇ ਬੋਲਸੋਨਾਰੋ ਨੂੰ 49.1 ਪ੍ਰਤੀਸ਼ਤ ਵੋਟਾਂ ਮਿਲੀਆਂ ਹਨ। ਚੋਣ ਕਮਿਸ਼ਨ ਨੇ ਸਿਲਵਾ ਦੀ ਜਿੱਤ ਯਕੀਨੀ ਕਰਾਰ ਦਿੱਤੀ ਹੈ। 2018 ਵਿਚ ਭ੍ਰਿਸ਼ਟਾਚਾਰ ਘੁਟਾਲੇ ਵਿਚ ਦੋਸ਼ੀ ਠਹਿਰਾ ਦਿੱਤੇ ਗਏ ਸਿਲਵਾ (77) ਨੇ ਜ਼ੋਰਦਾਰ ਵਾਪਸੀ ਕੀਤੀ ਹੈ। ਸਜ਼ਾ ਹੋਣ ਕਾਰਨ ਉਹ 2018 ਦੀ ਚੋਣ ਨਹੀਂ ਲੜ ਸਕੇ ਸਨ। ਦੱਸਣਯੋਗ ਹੈ ਕਿ ਸਿਲਵਾ ਸਮਾਜਿਕ ਕਦਰਾਂ-ਕੀਮਤਾਂ ਦੇ ਕੱਟੜ ਹਾਮੀ ਹਨ। ਬ੍ਰਾਜ਼ੀਲ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਲੂਲਾ ਡਾ ਸਿਲਵਾ ਨੇ ਕਿਹਾ, ‘ਇਹ ਮੇਰੀ ਜਾਂ ਵਰਕਰਜ਼ ਪਾਰਟੀ ਦੀ ਜਿੱਤ ਨਹੀਂ ਹੈ, ਨਾ ਹੀ ਉਨ੍ਹਾਂ ਪਾਰਟੀਆਂ ਦੀ ਜਿੱਤ ਹੈ ਜਿਨ੍ਹਾਂ ਮੇਰੀ ਹਮਾਇਤ ਕੀਤੀ। ਬਲਕਿ ਇਹ ਉਸ ਲੋਕਤੰਤਰਿਕ ਅੰਦੋਲਨ ਦੀ ਜਿੱਤ ਹੈ ਜੋ ਸਿਆਸੀ ਪਾਰਟੀਆਂ ਦੇ ਫ਼ਰਕ, ਨਿੱਜੀ ਹਿੱਤਾਂ ਤੇ ਵਿਚਾਰਧਾਰਾਵਾਂ ਤੋਂ ਉਤੇ ਉੱਠ ਕੇ ਚੱਲਿਆ ਤਾਂ ਕਿ ਲੋਕਤੰਤਰ ਜੇਤੂ ਹੋ ਕੇ ਉੱਭਰੇ।’ ਡਾ ਸਿਲਵਾ ਨੇ ਆਪਣੀ ਖੱਬੇ ਪੱਖੀ ਵਰਕਰਜ਼ ਪਾਰਟੀ ਦੇ ਏਜੰਡੇ ਤੋਂ ਅਗਾਂਹ ਜਾ ਕੇ ਸ਼ਾਸਨ ਕਰਨ ਦਾ ਵਾਅਦਾ ਕੀਤਾ ਹੈ। ਉਹ ਕੁਝ ਕੇਂਦਰੀ ਤੇ ਸੱਜੇ ਪੱਖੀ ਵਿਚਾਰਧਾਰਾ ਦੇ ਆਗੂਆਂ ਨੂੰ ਅਹੁਦੇ ਦੇਣ ਦੇ ਚਾਹਵਾਨ ਹਨ ਜਿਨ੍ਹਾਂ ਉਨ੍ਹਾਂ ਨੂੰ ਵੋਟ ਦਿੱਤੀ ਹੈ। ਹਾਲਾਂਕਿ ਸਿਆਸੀ ਧਰੁਵੀਕਰਨ ਦਾ ਸ਼ਿਕਾਰ ਸਮਾਜ ਵਿਚ ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਮੁਲਕ ਵਿਚ ਆਰਥਿਕ ਵਿਕਾਸ ਦਰ ਸੁਸਤ ਹੈ ਤੇ ਮਹਿੰਗਾਈ ਵੱਧ ਰਹੀ ਹੈ। ਬ੍ਰਾਜ਼ੀਲ ਵਿਚ 1985 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਮੌਜੂਦਾ ਰਾਸ਼ਟਰਪਤੀ ਲਗਾਤਾਰ ਦੂਜੀ ਵਾਰ ਨਹੀਂ ਚੁਣਿਆ ਗਿਆ। ਕਾਫ਼ੀ ਧਰੁਵੀਕਰਨ ਦੇ ਸ਼ਿਕਾਰ ਲਾਤੀਨੀ ਅਮਰੀਕੀ ਦੇਸ਼ ਬ੍ਰਾਜ਼ੀਲ, ਜੋ ਕਿ ਇਸ ਖੇਤਰ ਦਾ ਸਭ ਤੋਂ ਵੱਡਾ ਅਰਥਚਾਰਾ ਵੀ ਹੈ, ਨੇ ਹਾਲ ਹੀ ਵਿਚ ਚਿੱਲੀ, ਕੋਲੰਬੀਆ ਤੇ ਅਰਜਨਟੀਨਾ ਵਿਚ ਖੱਬੇ ਪੱਖੀਆਂ ਦੀ ਹੋਈ ਜਿੱਤ ਤੋਂ ਵੀ ਪ੍ਰੇਰਨਾ ਲਈ ਹੈ।

Add a Comment

Your email address will not be published. Required fields are marked *